ਲੁਧਿਆਣਾ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 26 ਸਤੰਬਰ ਦਾ ਪੰਜਾਬ ਦੌਰਾ ਰੱਦ ਹੋ ਗਿਆ ਹੈ। ਇਸ ਦੀ ਪੁਸ਼ਟੀ ‘ਆਪ’ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਨੇ ਸੰਪਰਕ ਕਰਨ ‘ਤੇ ਕਰਦਿਆਂ ਦੱਸਿਆ ਕਿ ਕੇਜਰੀਵਾਲ ਨੇ ਲੁਧਿਆਣਾ ਵੀ ਆਉਣਾ ਸੀ। ਗੋਇਲ ਨੇ ਦੱਸਿਆ ਕਿ ਕੇਜਰੀਵਾਲ ਨੇ ਇਸ ਮਹੱਤਵਪੂਰਨ ਦੌਰੇ ਦੌਰਾਨ ਰੁਜ਼ਗਾਰ ਦੇ ਮੁੱਦੇ ‘ਤੇ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦੇਣ ਦਾ ਐਲਾਨ ਕਰਨਾ ਸੀ।
ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਨੇ ਆਪਣਾ ਇਹ ਦੌਰਾ ਪੰਜਾਬ ਦੇ ਬਦਲੇ ਸਿਆਸੀ ਮਾਹੌਲ ਦੇ ਕਾਰਨ ਫਿਲਹਾਲ ਕੁੱਝ ਦਿਨਾਂ ਲਈ ਟਾਲ ਦਿੱਤਾ ਹੈ। ਹੁਣ ਕੇਜਰੀਵਾਲ ਆਉਣ ਵਾਲੇ ਕੁੱਝ ਦਿਨਾਂ ਦੌਰਾਨ ਪੰਜਾਬ ਦਾ ਦੌਰਾ ਕਰਕੇ ਦੂਜੀ ਗਾਰੰਟੀ ਦਾ ਐਲਾਨ ਕਰਨਗੇ।
ਇਸ ਤੋਂ ਪਹਿਲਾਂ ਕੇਜਰੀਵਾਲ ਪੰਜਾਬ ਭਰ ਦੇ ਲੋਕਾਂ ਨੂੰ ਬਿਜਲੀ ਦੇ ਮਾਮਲੇ ‘ਚ ਗਾਰੰਟੀ ਦੇ ਚੁੱਕੇ ਹਨ। ਜਦੋਂ ਤੋਂ ਕੇਜਰੀਵਾਲ ਪੰਜਾਬ ‘ਚ ਐਲਾਨ ਕਰਕੇ ਗਏ ਹਨ, ਉਦੋਂ ਤੋਂ ਲੈ ਕੇ ਅੱਜ ਤੱਕ ਦੂਜੀਆਂ ਸਿਆਸੀ ਪਾਰਟੀਆਂ ਵੀ ਪੰਜਾਬ ਦੇ ਲੋਕਾਂ ਨੂੰ ਆਪਣੇ-ਆਪਣੇ ਪੱਧਰ ‘ਤੇ ਗਾਰੰਟੀ ਦੇਣ ਲੱਗੀਆਂ ਹਨ ਤਾਂ ਜੋ ਉਨ੍ਹਾਂ ਦਾ ਵੋਟ ਬੈਂਕ ਕਿਤੇ ਖ਼ਿਸਕ ਨਾ ਜਾਵੇ।