PM ਮੋਦੀ ਨਾਲ ਮੁਲਾਕਾਤ ’ਚ ਕਮਲਾ ਹੈਰਿਸ ਨੇ ਪਾਕਿਸਤਾਨ ਨੂੰ ਦੱਸਿਆ ‘ਅੱਤਵਾਦੀਆਂ ਦਾ ਟਿਕਾਣਾ’

ਵਾਸ਼ਿੰਗਟਨ : ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਦੋ-ਪੱਖੀ ਬੈਠਕ ਦੌਰਾਨ ਅੱਤਵਾਦ ਦੇ ਸੰਦਰਭ ਵਿਚ ਪਾਕਿਸਤਾਨ ਦੀ ਭੂਮਿਕਾ ਦਾ ‘ਖ਼ੁਦ’ ਜ਼ਿਕਰ ਕਰਦੇ ਹੋਏ ਕਿਹਾ ਕਿ ਉਥੇ ਅੱਤਵਾਦੀ ਸਮੂਹ ਕੰਮ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਇਸਲਾਮਾਬਾਦ ਨੂੰ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਇਹ ਸਮੂਹ ਅਮਰੀਕਾ ਅਤੇ ਭਾਰਤ ਦੀ ਸੁਰੱਖਿਆ ’ਤੇ ਪ੍ਰਭਾਵ ਨਾ ਪਾ ਸਕਣ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੋਦੀ ਅਤੇ ਹੈਰਿਸ ਵਿਚਾਲੇ ਵੀਰਵਾਰ ਨੂੰ ਹੋਈ ਪਹਿਲੀ ਵਿਅਕਤੀਗਤ ਬੈਠਕ ਦੇ ਬਾਅਦ ਮੀਡੀਆ ਨੂੰ ਕਿਹਾ, ‘ਗੱਲਬਾਤ ਦੌਰਾਨ ਜਦੋਂ ਅੱਤਵਾਦ ਦਾ ਮੁੱਦਾ ਆਇਆ ਤਾਂ ਉਪ ਰਾਸ਼ਟਰਪਤੀ ਹੈਰਿਸ ਨੇ ‘ਖ਼ੁਦ’ ਇਸ ਸਬੰਧ ਵਿਚ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਥੇ ਕਈ ਅੱਤਵਾਦੀ ਸਮੂਹ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਪਾਕਿਸਤਾਨ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਇਹ ਸਮੂਹ ਅਮਰੀਕਾ ਅਤੇ ਭਾਰਤ ਦੀ ਸੁਰੱਖਿਆ ’ਤੇ ਪ੍ਰਭਾਵ ਨਾ ਪਾਉਣ।’
ਉਨ੍ਹਾਂ ਕਿਹਾ, ‘ਉਨ੍ਹਾਂ ਨੇ ਸਰਹੱਦ ਪਾਰ ਅੱਤਵਾਦ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦੀ ਬ੍ਰੀਫਿੰਗ ਅਤੇ ਇਸ ਤੱਥ ’ਤੇ ਸਹਿਮਤੀ ਜਤਾਈ ਕਿ ਭਾਰਤ ਕਈ ਦਹਾਕਿਆਂ ਤੋਂ ਸਰਹੱਦ ਪਾਰ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਕਿਹਾ ਕਿ ਅਜਿਹੇ ਅੱਤਵਾਦੀ ਸਮੂਹਾਂ ਨੂੰ ਪਾਕਿਸਤਾਨ ਤੋਂ ਮਿਲ ਰਹੇ ਸਮਰਥਨ ’ਤੇ ਲਗਾਮ ਲਗਾਉਣ ਅਤੇ ਇਨ੍ਹਾਂ ’ਤੇ ਬਾਰੀਕੀ ਨਾਲ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ।’ ਹੈਰਿਸ ਨਾਲ ਮੋਦੀ ਦੀ ਮੁਲਾਕਾਤ ਕਰੀਬ 1 ਘੰਟੇ ਤੱਕ ਚੱਲੀ ਅਤੇ ਇਸ ਦੌਰਾਨ ਸੰਖੇਪ ਚਰਚਾ ਹੋਈ। ਉਨ੍ਹਾਂ ਕਿਹਾ ਕਿ ਬੈਠਕ ਵਿਚ ਕੋਵਿਡ-19, ਅੱਤਵਾਦ, ਤਕਨੀਕੀ ਖੇਤਰ ਵਿਚ ਸਹਿਯੋਗ, ਸਾਈਬਰ ਸੁਰੱਖਿਆ ਆਦਿ ਖੇਤਰਾਂ ’ਤੇ ਚਰਚਾ ਹੋਈ। ਲੋਕਤੰਤਰ ਦੇ ਮੁੱਦੇ ’ਤੇ ਹੈਰਿਸ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿਚ ਲੋਕਤੰਤਰ ਦੀ ਰੱਖਿਆ ਕਰਨਾ ਦੋਵਾਂ ਦੇਸ਼ਾਂ ਦੀ ਜ਼ਿੰਮੇਦਾਰੀ ਹੈ।
ਉਨ੍ਹਾਂ ਕਿਹਾ, ‘ਕਿਉਂਕਿ ਦੁਨੀਆ ਭਰ ਦੇ ਲੋਕਤੰਤਰ ਖ਼ਤਰੇ ਵਿਚ ਹਨ। ਇਹ ਜ਼ਰੂਰੀ ਹੈ ਕਿ ਅਸੀਂ ਆਪਣੇ-ਆਪਣੇ ਦੇਸ਼ਾਂ ਅਤੇ ਦੁਨੀਆ ਭਰ ਵਿਚ ਲੋਕਤੰਤਰੀ ਸਿਧਾਂਤਾਂ ਅਤੇ ਸੰਸਥਾਵਾਂ ਦੀ ਰੱਖਿਆ ਕਰੀਏ। ਪਹਿਲਾਂ ਸਾਨੂੰ ਆਪਣੇ ਘਰ ਵਿਚ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।’ ਇਕ ਸਵਾਲ ਦੇ ਜਵਾਬ ਵਿਚ ਸ਼੍ਰਿੰਗਲਾ ਨੇ ਕਿਹਾ ਕਿ ਅਮਰੀਕੀ ਉਪ ਰਾਸ਼ਟਰਪਤੀ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਭਾਰਤ ਅਤੇ ਅਮਰੀਕਾ ਵੱਡੇ ਅਤੇ ਸਫ਼ਲ ਲੋਕਤੰਤਰਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਸਾਨੂੰ ਨਾ ਸਿਰਫ਼ ਆਪਣੇ ਦੇਸ਼ਾਂ ਦੇ ਅੰਦਰ ਸਗੋਂ ਹੋਰ ਦੇਸ਼ਾਂ ਨਾਲ ਲੋਕਤੰਤਰ ਨੂੰ ਉਤਸ਼ਾਹਤ ਕਰਨ ਲਈ ਕੰਮ ਕਰਨਾ ਜਾਰੀ ਰੱਖਣ ਦੀ ਜ਼ਰੂਰਤ ਹੈ।