ਪੰਜਾਬ ’ਚ ਡੇਂਗੂ ਦਾ ਕਹਿਰ, ਇਸ ਜ਼ਿਲ੍ਹੇ ’ਚ ਹੋਈ 328 ਮਰੀਜ਼ਾਂ ਦੀ ਪੁਸ਼ਟੀ

ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ’ਚ ਡੇਂਗੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਆਮ ਤੌਰ ’ਤੇ ਸਤੰਬਰ ਅਕਤੂਬਰ ਵਿਚ ਆਉਣ ਵਾਲੀ ਇਸ ਬਿਮਾਰੀ ਦੀ ਸ਼ੁਰੂਆਤ ਇਸ ਵਾਰ ਜ਼ਿਲ੍ਹੇ ਵਿਚ ਜੂਨ ’ਚ ਹੀ ਹੋ ਗਈ ਸੀ। ਹੁਣ ਤੱਕ ਜ਼ਿਲ੍ਹੇ ਵਿਚ 328 ਮਰੀਜ਼ ਡੇਂਗੂ ਦੇ ਡੰਗ ਦਾ ਸ਼ਿਕਾਰ ਹੋ ਚੁੱਕੇ ਹਨ।ਜ਼ਿਲ੍ਹੇ ਵਿਚ ਡੇਂਗੂ ਨੂੰ ਲੈ ਕੇ ਹਾਲਾਤ ਬਹੁਤੇ ਸਾਜਗਾਰ ਨਹੀਂ ਹਨ। ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਜ਼ਿਲ੍ਹੇ ਵਿਚ 328 ਵਿਅਕਤੀਆਂ ਨੂੰ ਡੇਂਗੂ ਹੋ ਚੁੱਕਿਆ ਹੈ।
ਜ਼ਿਲ੍ਹੇ ਦੇ ਮਲੋਟ ਵਿਚ 170, ਗਿੱਦੜਬਾਹਾ ਵਿਚ 124, ਦੋਦਾ ਵਿਚ 10, ਲੰਬੀ ਵਿਚ 10, ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ’ਚ 9, ਆਲਮਵਾਲਾ ਵਿਚ 4, ਚੱਕ ਸ਼ੇਰੇਵਾਲਾ ਵਿਚ 1 ਵਿਅਕਤੀ ਹੁਣ ਤੱਕ ਡੇਂਗੂ ਦਾ ਸ਼ਿਕਾਰ ਹੋ ਚੁੱਕੇ ਹਨ। ਜ਼ਿਲ੍ਹਾ ਪੱਧਰ ’ਤੇ ਸਰਕਾਰੀ ਹਸਪਤਾਲ ’ਚ ਡੇਂਗੂ ਵਾਰਡ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਗਿੱਦੜਬਾਹਾ, ਮਲੋਟ ਵਿਖੇ ਵੀ ਡੇਂਗੂ ਦਾ ਸਰਕਾਰੀ ਹਸਪਤਾਲਾਂ ਵਿਚ ਇਲਾਜ ਹੋ ਰਿਹਾ ਹੈ। ਸਰਕਾਰੀ ਅੰਕੜੇ ਜਿੱਥੇ 3 ਸੈਂਕੜੇ ਪਾਰ ਕਰ ਚੁੱਕੇ ਹਨ, ਉੱਥੇ ਬਹੁਤੇ ਲੋਕ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਇਲਾਜ ਕਰਵਾ ਰਹੇ ਹਨ ਅਤੇ ਇਹ ਅੰਕੜੇ ਕੁਝ ਹੋਰ ਵੀ ਵੱਧ ਹੋ ਸਕਦੇ ਹਨ।ਡੇਂਗੂ ਦੀ ਜਾਗਰੂਕਤਾ ਲਈ ਜਿੱਥੇ ਸਿਹਤ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਡੇਂਗੂ ਦਾ ਲਾਰਵਾ ਚੈੱਕ ਕਰਨ ਵੀ ਜਾ ਰਹੀਆਂ ਹਨ। ਭਾਵੇਂ ਇਹ ਬਿਮਾਰੀ ਇਲਾਜ ਅਧੀਨ ਹੈ ਪਰ ਇਸ ਬਿਮਾਰੀ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਚਾਅ ਸਬੰਧੀ ਵਿਸ਼ੇਸ਼ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।