ਨਵੀਂ ਦੱਲੀ– ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ’ਚ ਜ਼ੋਰਾ-ਸ਼ੋਰਾਂ ਨਾਲ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਉਥੇ ਹੀ ਇਸ ਨਾਲ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਵੀ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ ’ਚ ਦੇਸ਼ ’ਚ ਲਗਭਗ 31 ਹਜ਼ਾਰ ਲੋਕਾਂ ’ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।
ਹੁਣ ਹੋਵੇਗਾ ਡੋਰ-ਟੂ-ਡੋਰ ਟੀਕਾਕਰਨ
ਉਥੇ ਹੀ ਇਸ ਵਿਚਕਾਰ ਸਿਹਤ ਮੰਤਰਾਲਾ ਨੇ ਇਕ ਵੱਡਾ ਫੈਸਲਾ ਲਿਆ ਹੈ। ਦਰਅਸਲ, ਸਰਕਾਰ ਨੇ ਡੋਰ-ਟੂ-ਡੋਰ ਟੀਕਾਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪਾਲ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਲਈ ਘਰ ਹੀ ਟੀਕਾਕਰਨ ਸ਼ੁਰੂ ਕਰ ਰਹੇ ਹਾਂ ਜੋ ਸੈਂਟਰ ’ਤੇ ਨਹੀਂ ਜਾ ਸਕਦੇ। ਇਸ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਵੀ ਸਾਰੇ ਨਿਯਮਾਂ ਦਾ ਪਾਲਨ ਕੀਤਾ ਜਾਵੇਗਾ।
ਇਸ ਪ੍ਰਸਤਾਵ ਤਹਿਤ ਕਮਿਊਨਿਟੀ ਸੈਂਟਰ , ਰੈਜੀਡੈਂਟ ਵੈਲਫੇਅ ਐਸੋਸੀਏਸ਼ਨ ਸੈਂਟਰ, ਪੰਚਾਇਤ ਬਿਲਡਿੰਗ, ਸਕੂਲ ਦੀ ਇਮਾਰਤ ਆਦਿ ’ਚ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਉਥੇ ਹੀ ਕੋਰੋਨਾ ਦੇ ਟੀਕਾ ਲਗਾਏ ਜਾਣਗੇ।
ਬਜ਼ੁਰਗਾਂ ਅਤੇ ਅਪਾਹਜ਼ਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਦਿੱਤੀ ਜਾਵੇਗੀ ਵੈਕਸੀਨੇਸ਼ਨ ਦੀ ਸੁਵਿਧਾ
ਸਿਹਤ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ, 60 ਸਾਲਾਂ ਤੋਂ ਜ਼ਿਆਦਾ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਉਸ ਦੇ ਘਰ ਦੇ ਨੇੜੇ ਹੀ ਟੀਕਾ ਲੱਗ ਸਕੇਗਾ। ਇਸ ਤੋਂ ਇਲਾਵਾ 60 ਸਾਲਾਂ ਤੋਂ ਘੱਟ ਉਮਰ ਦੇ ਦਿਵਿਆਂਗ ਵਿਅਕਤੀ ਨੂੰ ਵੀ ਉਸ ਦੇ ਘਰ ਦੇ ਨੇੜੇ ਹੀ ਵੈਕਸੀਨੇਸ਼ਨ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਲਈ ਉਹ ਹੋਰ ਲੋਕਾਂ ਦੀ ਤਰ੍ਹਾਂ ਪਹਿਲਾਂ ਤੋਂ ਅਪੌਇੰਟਮੈਂਟ ਲੈ ਸਕਦੇ ਹਨ।