ਦੁਬਈ – ਇੰਗਲੈਂਡ ਤੋਂ ਵਾਪਸੀ ਕਰ ਕੇ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੇ ਆਪਣੇ ਪਹਿਲੇ ਅਭਿਆਸ ਸੈਸ਼ਨ ‘ਚ ਹਿੱਸਾ ਲਿਆ। ਅਭਿਆਸ ਸੈਸ਼ਨ ਤੋਂ ਬਾਅਦ ਪ੍ਰੈੱਸ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਆਪਣੇ ਸਾਥੀਆਂ ਨਾਲ ਮਿਲਣ ਨੂੰ ਉਤਸ਼ਾਹਿਤ ਸੀ ਅਤੇ ਉਨ੍ਹਾਂ ਨਾਲ ਮਿਲ ਕੇ ਬਹੁਤ ਚੰਗਾ ਲੱਗਾ। ਉਸ ਨੇ ਕਿਹਾ, ”ਅਸੀਂ ਸੰਯੁਕਤ ਅਰਬ ਅਮੀਰਾਤ (UAE) ਦੇ ਹਾਲਾਤ ਦੇ ਹਿਸਾਬ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਥੇ ਕਾਫ਼ੀ ਗ਼ਰਮੀ ਹੈ। ਇਕਾਂਤਵਾਸ ਦੌਰਾਨ ਮੈਂ ਆਪਣੀ ਬੈਲਕਨੀ ‘ਚ ਬੈਠਾ ਰਹਿੰਦਾ ਸੀ ਤਾਂ ਕਿ ਗਰਮ ਮੌਸਮ ਦਾ ਆਦੀ ਹੋ ਜਾਵਾਂ, ਪਰ ਅਭਿਆਸ ਸੈਸ਼ਨ ‘ਚ ਹਿੱਸਾ ਲੈਣ ਤੋਂ ਬਾਅਦ ਹੋਰ ਗ਼ਰਮੀ ਲੱਗ ਰਹੀ ਹੈ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਜਲਦ ਤੋਂ ਜਲਦ ਇਨ੍ਹਾਂ ਹਾਲਾਤ ਨਾਲ ਤਾਲਮੇਲ ਬਿਠਾ ਲਵਾਂ ਤੇ ਇਸ ‘ਚ ਸ਼ਾਇਦ 2-3 ਦਿਨ ਲੱਗਣਗੇ।”
ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਕਿ ਟੀਮ IPL 2021 ਦੇ ਪਹਿਲੇ ਗੇੜ ਦੀ ਆਪਣੀ ਫ਼ੌਰਮ ਨੂੰ ਬਰਕਰਾਰ ਰੱਖਣਾ ਚਾਹੇਗੀ ਜਿੱਥੇ ਟੀਮ ਨੇ 8 ਵਿਚੋਂ 6 ਮੈਚ ਜਿੱਤੇ ਸਨ, ਅਤੇ ਇਸ ਵੇਲੇ ਉਹ ਅੰਕ ਸੂਚੀ ‘ਚ ਸਿਖ਼ਰ ‘ਤੇ ਹੈ। ਉਨ੍ਹਾਂ ਕਿਹਾ, ”ਸਾਡਾ ਆਖ਼ਰੀ ਟੀਚਾ ਟੂਰਨਾਮੈਂਟ ਜਿੱਤਣਾ ਹੈ, ਅਤੇ ਇਸ ਲਈ ਅਸੀਂ ਆਪਣੀ ਪ੍ਰਕਿਰਿਆ ‘ਤੇ ਭਰੋਸਾ ਕਰ ਰਹੇ ਹਾਂ। ਉਮੀਦ ਹੈ ਕਿ ਜਿਸ ਤਰ੍ਹਾਂ ਅਸੀਂ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਸੀ, ਅਸੀਂ ਇਸ ਨੂੰ ਉਸੇ ਤਰੀਕੇ ਨਾਲ ਖ਼ਤਮ ਕਰਾਂਗੇ ਅਤੇ ਅੰਤ ‘ਚ ਇਹ ਟਰਾਫ਼ੀ ਸਾਡੀ ਹੋਵੇਗੀ।”
ਦਿੱਲੀ ਕੈਪੀਟਲਜ਼ ਦੀ IPL 2021 ਦੇ ਦੂਜੇ ਪੜਾਅ ਦੀ ਸ਼ੁਰੂਆਤ 22 ਸਤੰਬਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਹੋਵੇਗੀ।