ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਹੋਮ ਸੀਜ਼ਨ ਲਈ ਟੀਮ ਇੰਡੀਆ ਦਾ ਸਕੈਜੂਅਲ ਜਾਰੀ ਕਰ ਦਿੱਤਾ ਹੈ। T-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਅਤੇ ਨਿਊ ਜ਼ੀਲੈਂਡ ਵਿਚਾਲੇ ਤਿੰਨ T-20 ਅਤੇ ਦੋ ਟੈੱਸਟ ਮੈਚ ਖੇਡੇ ਜਾਣਗੇ। ਪਹਿਲਾ T-20 ਜੈਪੁਰ ‘ਚ ਖੇਡਿਆ ਜਾਵੇਗਾ। ਦੂਜੇ ਅਤੇ ਤੀਜੇ ਮੈਚ ਰਾਂਚੀ ਅਤੇ ਕੋਲਕਾਤਾ ‘ਚ ਹੋਣਗੇ। ਤਿੰਨ ਮੈਚ 17 ਨਵੰਬਰ ਤੋਂ 21 ਨਵੰਬਰ ਦਰਮਿਆਨ ਖੇਡੇ ਜਾਣਗੇ। ਨਿਊ ਜ਼ੀਲੈਂਡ ਦੇ ਖ਼ਿਲਾਫ਼ ਦੋ ਟੈੱਸਟ ਮੈਚ ਕਾਨਪੁਰ ਅਤੇ ਮੁੰਬਈ ‘ਚ ਖੇਡੇ ਜਾਣਗੇ। ਪਹਿਲਾ ਟੈੱਸਟ ਮੈਚ 29 ਨਵੰਬਰ ਤੋਂ ਅਤੇ ਦੂਜਾ ਟੈੱਸਟ 7 ਦਸੰਬਰ ਤੋਂ ਖੇਡਿਆ ਜਾਵੇਗਾ।
ਉਸ ਤੋਂ ਬਾਅਦ ਵੈੱਸਟ ਇੰਡੀਜ਼ ਦੀ ਟੀਮ ਭਾਰਤ ‘ਚ ਖੇਡਣ ਆਵੇਗੀ ਅਤੇ 6 ਫ਼ਰਵਰੀ ਤੋਂ 12 ਫ਼ਰਵਰੀ 2022 ਤਕ ਕੈਰੇਬੀਅਨ ਟੀਮ ਖ਼ਿਲਾਫ਼ ਅਹਿਮਦਾਬਾਦ, ਜੈਪੁਰ ਅਤੇ ਕੋਲਕਾਤਾ ‘ਚ ਤਿੰਨ ਇੱਕ ਰੋਜ਼ਾ ਮੈਚ ਖੇਡੇ ਜਾਣਗੇ ਜਦਕਿ ਭਾਰਤ ਅਤੇ ਵੈੱਸਟ ਇੰਡੀਜ਼ ਦੇ ‘ਚ ਤਿੰਨ T-20 ਮੈਚ ਕਟਕ, ਵਿਸ਼ਾਖਾਪਟਨਮ ਅਤੇ ਤ੍ਰਿਵੇਂਦਰਮ ‘ਚ ਆਯੋਜਿਤ ਕੀਤੇ ਜਾਣਗੇ। 25 ਫ਼ਰਵਰੀ ਤੋਂ 18 ਮਾਰਚ ਤਕ ਸ਼੍ਰੀ ਲੰਕਾਈ ਟੀਮ ਭਾਰਤ ਦੇ ਦੌਰੇ ‘ਤੇ ਆ ਰਹੀ ਹੈ ਅਤੇ ਇਸ ਲੜੀ ‘ਚ ਦੋ ਟੈੱਸਟ ਮੈਚ ਬੈਂਗਲੁਰੂ ਅਤੇ ਮੋਹਾਲੀ ‘ਚ ਖੇਡੇ ਜਾਣਗੇ। ਸ਼੍ਰੀ ਲੰਕਾ ਖ਼ਿਲਾਫ਼ ਤਿੰਨ T-20 ਮੈਚਾਂ ਦੇ ਸਥਾਨ ਮੋਹਾਲੀ, ਧਰਮਸ਼ਾਲਾ ਅਤੇ ਲਖਨਊ ਹਨ। 2022 ਦੇ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਦੱਖਣੀ ਅਫ਼ਰੀਕਾ ਦੀ ਟੀਮ ਜੂਨ ਮਹੀਨੇ ‘ਚ ਪੰਜ ਮੈਚਾਂ ਦੀ T-20 ਸੀਰੀਜ਼ ਖੇਡਣ ਲਈ ਭਾਰਤ ਦਾ ਦੌਰਾ ਕਰੇਗੀ ਅਤੇ ਇਹ ਮੈਚ 9 ਜੂਨ ਤੋਂ 19 ਜੂਨ ਦੇ ਵਿਚਕਾਰ ਖੇਡੇ ਜਾਣਗੇ। ਇਹ ਪੰਜ T-20 ਚੇਨੱਈ, ਬੰਗਲੌਰ, ਨਾਗਪੁਰ, ਰਾਜਕੋਟ ਅਤੇ ਦਿੱਲੀ ‘ਚ ਖੇਡੇ ਜਾਣਗੇ।