ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ T-20 ਵਿਸ਼ਵ ਕੱਪ ਮਗਰੋਂ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਅਹੁਦੇ ਤੋਂ ਅਸਤੀਫ਼ਾ ਦੇ ਦੇਵੇਗਾ, ਇਹ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਉਹ ਆਪਣਾ ਕਰਾਰ ਅੱਗੇ ਵਧਾਉਣਾ ਨਹੀਂ ਚਾਹੁੰਦਾ। ਇੱਕ ਹਾਲੀਆ ਇੰਟਰਵਿਊ ‘ਚ ਸ਼ਾਸਤਰੀ ਨੇ ਇਸ ਗੱਲ ਦਾ ਸੰਕੇਤ ਦਿੰਦਿਆਂ ਕਿਹਾ, ”ਮੈਂ ਤਾਂ ਮੰਨਦਾ ਹਾਂ ਕਿ ਜੋ ਕੁੱਝ ਵੀ ਮੈਨੂੰ ਚਾਹੀਦਾ ਸੀ ਉਹ ਹਾਸਿਲ ਕਰ ਲਿਆ ਹੈ।”
ਇੱਕ ਅੰਗ੍ਰੇਜ਼ੀ ਅਖ਼ਬਾਰ ਨਾਲ ਗੱਲ ਕਰਦਿਆਂ ਸ਼ਾਸਤਰੀ ਨੇ ਕਿਹਾ, ”ਪੰਜ ਸਾਲ ਨੰਬਰ ਇੱਕ ਦੇ ਤੌਰ ‘ਤੇ ਬਣੇ ਰਹਿਣਾ, ਆਸਟ੍ਰੇਲੀਆ ‘ਚ ਜਾ ਕੇ ਦੋ ਵਾਰ ਜਿੱਤ ਹਾਸਿਲ ਕਰਨਾ ਅਤੇ ਇੰਗਲੈਂਡ ਨੂੰ ਵੀ ਉਸੇ ਦੇ ਘਰ ‘ਚ ਹਰਾਉਣਾ। ਮੈਂ ਇਸ ਵਾਰ ਮਾਈਕਲ ਔਥਰਟਨ ਨਾਲ ਗੱਲ ਕੀਤੀ ਅਤੇ ਉਸ ਨੂੰ ਕਿਹਾ ਕਿ ਮੇਰੇ ਲਈ ਤਾਂ ਇਸ ਤੋਂ ਜ਼ਿਆਦਾ ਕੁੱਝ ਹੋਰ ਹੋ ਹੀ ਨਹੀਂ ਸਕਦਾ ਜੋ ਮੈਂ ਹਾਸਿਲ ਕਰਨਾ ਚਾਹਾਂਗਾ। ਕੋਰੋਨਾ ਦੇ ਸਮੇਂ ‘ਚ ਆਸਟ੍ਰੇਲੀਆ ਨੂੰ ਹਰਾਇਆ ਅਤੇ ਇੰਗਲੈਂਡ ਦੀ ਟੀਮ ਨੂੰ ਵੀ ਉਸ ਦੇ ਘਰ ‘ਚ ਹੀ ਮਾਤ ਦਿੱਤੀ। ਅਸੀਂ 2-1 ਦੀ ਬੜ੍ਹਤ ਹਾਸਿਲ ਕੀਤੀ, ਅਤੇ ਜਿਸ ਤਰ੍ਹਾਂ ਲੌਰਡਜ਼ ਅਤੇ ਓਵਲ ‘ਚ ਖੇਡੇ, ਉਹ ਬਹੁਤ ਹੀ ਸ਼ਾਨਦਾਰ ਸੀ।”
ਅੱਗੇ ਸ਼ਾਸਤਰੀ ਨੇ ਕਿਹਾ, ”ਅਸੀਂ ਲਗਭਗ ਸਾਰੀਆਂ ਟੀਮਾਂ ਨੂੰ ਉਨ੍ਹਾਂ ਦੇ ਘਰਾਂ ‘ਚ ਜਾ ਕੇ ਲਿਮਿਟਿਡ ਓਵਰ ਫ਼ੌਰਮਟ ‘ਚ ਹਰਾਇਆ ਹੈ। ਜੇ ਹੁਣ ਅਸੀਂ T-20 ਵਿਸ਼ਵ ਕੱਪ ਨੂੰ ਜਿੱਤਣ ‘ਚ ਕਾਮਯਾਬ ਹੋ ਜਾਂਦੇ ਹਾਂ ਤਾਂ ਇਹ ਮੇਰੇ ਲਈ ਸੋਨੇ ‘ਤੇ ਸੁਹਾਗਾ ਹੋਵੇਗਾ। ਹੁਣ ਇਸ ਤੋਂ ਜ਼ਿਆਦਾ ਕੁੱਝ ਹੋਰ ਨਹੀਂ ਹੋ ਮੈਂ ਚਾਹ ਸਕਦਾ। ਮੈਂ ਇੱਕ ਗੱਲ਼ ਜ਼ਰੂਰ ਕਹਿਣਾ ਚਾਹਾਂਗਾ ਕਿ ਜੋ ਕੁੱਝ ਵੀ ਇਸ ਟੀਮ ਤੋਂ ਮੈਂ ਚਾਹਿਆ ਸੀ, ਉਸ ਤੋਂ ਕਿਤੇ ਜ਼ਿਆਦਾ ਇਸ ਨੂੰ ਮੈਨੂੰ ਹਾਸਿਲ ਕਰ ਕੇ ਦਿੱਤਾ ਹੈ।”