ਪਿਛਲੇ ਸਾਲ ਤੋਂ ਦੇਸ਼ ‘ਚ ਕੋਰੋਨਾ ਦੇ ਚੱਲਦੇ ਕੰਮ ਧੰਦਿਆਂ ‘ਤੇ ਕਾਫ਼ੀ ਅਸਰ ਪਿਆ ਹੈ। ਇਥੋਂ ਤਕ ਕਿ ਫ਼ਿਲਮਾਂ ਦੀ ਸ਼ੂਟਿੰਗ ਵੀ ਕਾਫ਼ੀ ਪ੍ਰਭਾਵਿਤ ਹੋਈ ਅਤੇ ਕੰਮ ਪੂਰਾ ਨਾ ਹੋਣ ਕਾਰਨ ਉਨ੍ਹਾਂ ਦੀ ਰਿਲੀਜ਼ ਡੇਟਾਂ ਵੀ ਅੱਗੇ ਵਧਾਉਣੀਆਂ ਪਈਆਂ, ਪਰ ਕੋਰੋਨਾ ਦੀਆਂ ਦੋਵੋਂ ਲਹਿਰਾਂ ਵਿਚਾਲੇ ਅਦਾਕਾਰ ਆਮਿਰ ਖ਼ਾਨ ਨੇ ਨਿਯਮਾਂ ਦਾ ਧਿਆਨ ਰੱਖਦੇ ਹੋਏ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ ਜਿਸ ਨੂੰ ਜਲਦ ਹੀ ਪਰਦੇ ‘ਤੇ ਉਤਾਰਿਆ ਜਾਵੇਗਾ।
ਆਮਿਰ ਦੀ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ 17 ਸਤੰਬਰ ਨੂੰ ਪੂਰੀ ਹੋ ਗਈ ਹੈ। ਆਖਿਰੀ ਸਕੈਜੁਅਲ ਮੁੰਬਈ ‘ਚ ਹੋਇਆ ਜਿਸ ‘ਚ ਆਮਿਰ ਨਾਲ ਕਰੀਨਾ ਵੀ ਸ਼ਾਮਲ ਹੋਈ। ਫ਼ਿਲਮ ਦੇ ਮੇਕਅਰਜ਼ ਨੇ ਇੱਕ ਵਾਰ ਫ਼ਿਰ ਰਿਲੀਜ਼ ਡੇਟ ਦੀ ਪੁਸ਼ਟੀ ਕੀਤੀ ਹੈ। ਇਹ ਕ੍ਰਿਸਮਿਸ ਦੇ ਮੌਕੇ ‘ਤੇ ਰਿਲੀਜ਼ ਕੀਤੀ ਜਾਵੇਗੀ। ਦੱਸ ਦੇਈਏ ਕਿ ਫ਼ਿਲਮ ਲਾਲ ਸਿੰਘ ਚੱਢਾ ‘ਚ ਆਮਿਰ ਖਾਨ ਦੇ ਨਾਲ ਕਰੀਨਾ ਕਪੂਰ ਖ਼ਾਨ ਵੀ ਮੁੱਖ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ।