ਨਵੀਂ ਦਿੱਲੀ – ਪਾਕਿਸਤਾਨ ਕ੍ਰਿਕਟ ਦੇ ਸਾਹਮਣੇ ਇੱਕ ਹੋਰ ਮੁਸ਼ਕਿਲ ਆ ਗਈ ਹੈ। ਇੰਗਲੈਂਡ ਨੇ ਅਕਤੂਬਰ ‘ਚ ਹੋਣ ਵਾਲੇ ਆਪਣੇ ਮਹਿਲਾ ਅਤੇ ਪੁਰਸ਼ ਟੀਮ ਦੇ ਪਾਕਿਸਤਾਨ ਦੌਰੇ ਨੂੰ ਫ਼ਿਲਹਾਲ ਮੁਲੱਤਵੀ ਕਰ ਦਿੱਤਾ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਸੋਮਵਾਰ (20 ਸਤੰਬਰ) ਨੂੰ ਇਸ ਦੀ ਜਾਣਕਾਰੀ ਦਿੱਤੀ। ਹਾਲੇ ਕੁੱਝ ਦਿਨ ਪਹਿਲਾਂ ਨਿਊ ਜ਼ੀਲੈਂਡ ਨੇ ਪਾਕਿਸਤਾਨ ਦੇ ਵਿਰੁੱਧ ਆਪਣੀ ਸੀਮਿਤ ਓਵਰਾਂ ਦੀ ਸੀਰੀਜ਼ ਐਨ ਆਖਰੀ ਸਮੇਂ ‘ਤੇ ਰੱਦ ਕਰ ਦਿੱਤੀ ਸੀ। ਟੀਮ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੈਦਾਨ ‘ਤੇ ਉਤਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ।
ECB ਵਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਸਾਲ ਦੀ ਸ਼ੁਰੂਆਤ ‘ਚ ਅਸੀਂ T-20 ਵਿਸ਼ਵ ਕੱਪ ਤੋਂ ਪਹਿਲਾਂ ਤਿਆਰੀਆਂ ਲਈ ਪਾਕਿਸਤਾਨ ‘ਚ ਮੈਚ ਖੇਡਣ ਦੀ ਹਾਮੀ ਭਰੀ ਸੀ। ਇਸ ਤੋਂ ਇਲਾਵਾ ਮਹਿਲਾ ਟੀਮ ਨੂੰ ਵੀ ਪੁਰਸ਼ ਟੀਮ ਦੇ ਨਾਲ ਹੀ ਪਾਕਿਸਤਾਨ ਦਾ ਦੌਰਾ ਕਰਨਾ ਸੀ। ECB ਨੇ ਕਿਹਾ ਕਿ ਇਸ ਹਫ਼ਤੇ ਉਸ ਨੇ ਇੱਕ ਬੈਠਕ ਕੀਤੀ ਅਤੇ ਇਹ ਫ਼ੈਸਲਾ ਕੀਤਾ ਕਿ ਮਹਿਲਾ ਅਤੇ ਪੁਰਸ਼ ਟੀਮਾਂ ਅਕਤੂਬਰ ‘ਚ ਪਾਕਿਸਤਾਨ ਦੇ ਦੌਰੇ ‘ਤੇ ਨਾ ਭੇਜਿਆ ਜਾਵੇ। ਨਿਊ ਜ਼ੀਲੈਂਡ ਨੇ ਜਦੋਂ ਸੁਰੱਖਿਆ ਕਾਰਨਾਂ ਨਾਲ ਆਪਣਾ ਦੌਰਾ ਰੱਦ ਕੀਤਾ ਸੀ, ਉਸ ਤੋਂ ਬਾਅਦ ਹੀ ਇੰਗਲੈਂਡ ਦੇ ਦੌਰੇ ‘ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਇਸ ਵੀਕਐਂਡ ਹੋਈ ਬੈਠਕ ‘ਚ ECB ਨੇ ਫ਼ੈਸਲਾ ਲਿਆ ਕਿ ਉਨ੍ਹਾਂ ਦੀਆਂ ਮਹਿਲਾਵਾਂ ਅਤੇ ਪੁਰਸ਼ਾਂ ਟੀਮਾਂ ਪਾਕਿਸਤਾਨ ਦਾ ਦੌਰਾ ਨਹੀਂ ਕਰਣਗੀਆਂ। ਬੋਰਡ ਨੇ ਖਿਡਾਰੀਆਂ ਅਤੇ ਸਪੋਰਟਸ ਸਟਾਫ਼ ਦੇ ਸ਼ਰੀਰਕ ਅਤੇ ਮਾਨਸਿਕ ਸਿਹਤ ਨੂੰ ਤਰਜੀਹ ਦਿੰਦੇ ਹੋਏ ਇਹ ਫ਼ੈਸਲਾ ਕੀਤਾ ਹੈ। ਕੋਰੋਨਾ ਤੇ ਬਾਇਓਬਬਲ ਦੇ ਮਾਹੌਲ ਦੇ ਚੱਲਦੇ ਖਿਡਾਰੀਆਂ ਦੀ ਸਿਹਤ ‘ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ।