ਜੰਮੂ—ਜੰਮੂ-ਕਸ਼ਮੀਰ ’ਚ ਬੁੱਧਵਾਰ ਰਾਤ ਹੋਈ ਗੋਲੀਬਾਰੀ ਵਿਚ ਸ਼ਾਮਲ ਅੱਤਵਾਦੀ, ਸੁਰੱਖਿਆ ਦਸਤਿਆਂ ਨਾਲ ਸ਼ੋਪੀਆਂ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਵਿਚ ਮਾਰਿਆ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਸ਼ਮੀਰ ਖੇਤਰ ਦੀ ਪੁਲਸ ਨੇ ਟਵੀਟ ਕੀਤਾ ਕਿ ਕੱਲ੍ਹ ਰਾਤ ਅੱਤਵਾਦੀ ਅਨਾਯਤ ਅਸ਼ਰਫ ਡਾਰ ਨੇ ਇਕ ਨਾਗਰਿਕ ’ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਨਾਲ ਉਹ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨਾਗਰਿਕ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਸ ਮੁਤਾਬਕ ਨਸ਼ੀਲੇ ਪਦਾਰਥਾਂ ਦੇ ਧੰਦੇ ਵਿਚ ਸ਼ਾਮਲ ਅਨਾਯਤ ਗੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕੀਤੇ ਗਏ ਹਥਿਆਰਾਂ ਦੇ ਦਮ ’ਤੇ ਆਪਣੇ ਪਿੰਡ ਵਾਲਿਆਂ ਅਤੇ ਉਸ ਤੋਂ ਬਾਹਰ ਦੇ ਲੋਕਾਂ ਨੂੰ ਵੀ ਧਮਕਾਉਂਦਾ ਸੀ। ਪੁਲਸ ਨੇ ਕਿਹਾ ਕਿ ਹਮਲੇ ਤੋਂ ਬਾਅਦ ਪੂਰਨ ਜਾਂਚ ਕੀਤੀ ਗਈ ਅਤੇ ਸੂਤਰਾਂ ਤੋਂ ਮਿਲੀ ਕੁਝ ਜਾਣਕਾਰੀ ਦੇ ਆਧਾਰ ’ਤੇ ਕਾਸ਼ਨਾ ਪਿੰਡ ’ਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਅਨਾਯਤ ਨੇ ਤਲਾਸ਼ ਦਲ ’ਤੇ ਗੋਲੀਆਂ ਚਲਾਈਆਂ।
ਪੁਲਸ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਦੇ ਆਲੇ-ਦੁਆਲੇ ਦੇ ਮਕਾਨਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਪੁਲਸ ਨੇ ਕਿਹਾ ਕਿ ਅੱਤਵਾਦੀ ਨੂੰ ਆਤਮ-ਸਮਰਪਣ ਕਰਨ ਨੂੰ ਕਿਹਾ ਗਿਆ ਪਰ ਉਹ ਨਹੀਂ ਮੰਨਿਆ। ਇਸ ਤੋਂ ਬਾਅਦ ਮੁਕਾਬਲੇ ਵਿਚ ਉਹ ਮਾਰਿਆ ਗਿਆ। ਇਕ ਪਿਸਤੌਲ ਅਤੇ ਗੋਲਾ-ਬਾਰੂਦ ਵੀ ਮੌਕੇ ਤੋਂ ਬਰਾਮਦ ਹੋਇਆ ਹੈ।