ਸ੍ਰੀ ਆਨੰਦਪੁਰ ਸਾਹਿਬ – ਰਾਜਨੀਤਕ ਆਗੂਆਂ ਦਾ ਆਪਸੀ ਕਲੇਸ਼ ਦਾ ਖਮਿਆਜ਼ਾ ਵੋਟਰਾਂ ਨੂੰ ਭੁਗਤਣਾ ਪੈਂਦਾ ਹੈ, ਜੋਕਿ ਸਰਾਸਰ ਗਲਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਧਾਇਕ ਪਰਗਟ ਸਿੰਘ ਨੇ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਢੇ ਚਾਰ ਸਾਲ ਚਲਦੇ ਹੋਏ ਹੋ ਗਏ ਪਰ ਜੇਕਰ ਨੀਅਤ ਸਾਫ਼ ਹੈ ਤਾਂ ਉਹ ਕੰਮ ਚਾਰ ਮਹੀਨਿਆਂ ਵਿੱਚ ਵੀ ਹੋ ਸਕਦੇ ਹਨ।
ਪਰਗਟ ਸਿੰਘ ਅੱਜ ਇਥੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਬਤੌਰ ਮੁੱਖ ਮੰਤਰੀ ਦੇ ਤੌਰ ‘ਤੇ ਵਧਾਈ ਦਿੰਦੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਿਰਫ਼ ਇਕ ਨੁਮਾਇੰਦਾ ਜਮਾਤ ਦੇ ਨਹੀਂ ਸਗੋਂ ਸਮੁੱਚੇ ਪੰਜਾਬੀ ਪੰਜਾਬੀਅਤ ਅਤੇ ਪੰਜਾਬ ਦੇ ਭਾਈਚਾਰੇ ਸਾਂਝੇ ਧਰਮਾਂ ਦੇ ਆਮ ਵਿਅਕਤੀ ਦੇ ਮੁੱਖ ਮੰਤਰੀ ਹਨ। ਕਿਸੇ ਖ਼ਾਸ ਜਾਤ-ਪਾਤ ਨਾਲ ਸਬੰਧਤ ਨਹੀਂ ਸਗੋਂ ਹਰ ਵਰਗ ਨੂੰ ਇਕੋ ਅੱਖ ਨਾਲ ਵੇਖਣ ਵਾਲੇ ਸਾਦਾ ਜੀਵਨ ਬਤੀਤ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਵਿਚ ਬਹੁਤ ਖ਼ੂਬੀਆਂ ਭਰੀਆਂ ਹੋਈਆਂ ਹਨ। ਭਾਵੇਂ ਕਿ ਪਾਰਟੀ ਕਾਂਗਰਸ ਦੀ ਹੈ, ਜਿੱਥੋਂ ਤੱਕ ਰਾਜਨੀਤਿਕ ਵਿੱਚ ਮੇਰਾ ਤਜ਼ਰਬਾ ਹੈ, ਉਥੋਂ ਇਹੀ ਪਤਾ ਲੱਗਦਾ ਹੈ ਕਿ ਇਕ-ਇਕ ਮੁੱਖ ਮੰਤਰੀ ਨਾਲ ਕਈ ਵਿਧਾਇਕ ਮੰਤਰੀ ਮੰਡਲ ਨਾਲ ਚੱਲਦਾ ਹੈ ਪਰ ਜੇਕਰ ਕੰਮ ਕਰਨ ਦੀ ਮਨਸ਼ਾ ਹੀ ਨਾ ਹੋਵੇ ਤਾਂ ਆਮ ਵੋਟਰ ਵੀ ਨਿਰਾਸ਼ ਹੋ ਜਾਂਦੇ ਹਨ। ਭਾਵੇਂ ਕਿ ਸਾਡੇ ਕੋਲ ਚਾਰ ਮਹੀਨਿਆਂ ਦਾ ਸਮਾਂ ਹੈ ਪਰ ਫਿਰ ਵੀ ਜੇਕਰ ਮੁੱਖ ਮੰਤਰੀ ਦੀ ਨੀਅਤ ਕੰਮ ਕਰਨ ਵਾਲੀ ਅਤੇ ਈਮਾਨਦਾਰੀ ਵਾਲੀ ਹੋਵੇ ਤਾਂ ਉਹ ਵੋਟਰਾਂ ਦੇ ਦਿਲਾਂ ‘ਤੇ ਰਾਜ ਕਰ ਸਕਦਾ ਹੈ ਅਤੇ ਰਹਿੰਦੀ ਦੁਨੀਆ ਤਕ ਉਸ ਦਾ ਨਾਮ ਵੀ ਰਹੇਗਾ। ਵੋਟਰਾਂ ਦੀ ਕਚਹਿਰੀ ਵਿਚ ਕੀਤੇ ਵਾਅਦੇ ਪੂਰਾ ਕਰਨੇ, ਜਨਤਾ ਦੇ ਸੁਪਨਿਆਂ ਨੂੰ ਬੂਰ ਪਾਉਣਾ ਇਕ ਚੰਗੇ ਮੰਤਰੀ ਦਾ ਫਰਜ਼ ਹੈ।
ਸੁਨੀਲ ਜਾਖੜ ਵੱਲੋਂ ਦਰਸਾਈ ਜਾ ਰਹੀ ਨਾਰਾਜ਼ਗੀ ਬਾਰੇ ਉਨ੍ਹਾਂ ਕਿਹਾ ਕਿ ਇਹ ਰਾਜਨੀਤਕ ਗੱਲਾਂ ਹਨ ਪਰ ਸਮਾਜਿਕ ਤੌਰ ‘ਤੇ ਇਹ ਗੱਲਾਂ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਕਿਸੇ ਜਾਤੀ ਨੂੰ ਉਪਰ ਚੁੱਕਣਾ ਨਹੀਂ ਸਗੋਂ ਸਮਾਜਿਕ ਤੌਰ ‘ਤੇ ਵਿਚਰਨਾ ਹੈ। ਹਿੰਦੂ ਮੁਸਲਿਮ ਸਿੱਖ ਇਸਾਈ ਦਾ ਜਾਂ ਵੱਖ-ਵੱਖ ਧਰਮਾਂ ਦਾ ਆਪਸ ਵਿੱਚ ਵਿਵਾਦ ਖ਼ਤਮ ਕਰਨਾ ਹੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ ਪਰ ਅੱਜ ਸਾਢੇ ਪੰਜ ਸੌ ਸਾਲ ਬਾਅਦ ਵੀ ਅਸੀਂ ਉਹੀ ਪੁਰਾਣੀਆਂ ਗੱਲਾਂ ਦੇ ਵਿੱਚ ਧਰਮਾਂ ਦੇ ਵਿੱਚ ਆਪਣੇ ਦੇਸ਼ ਨੂੰ ਵੰਡ ਰਹੇ ਹਾਂ। ਖੇਡ ਮੰਤਰੀ ਬਣਾਉਣ ਨੂੰ ਲੈ ਕੇ ਕੀਤੇ ਸਵਾਲ ਨੂੰ ਪਰਗਟ ਸਿੰਘ ਨੇ ਕਿਹਾ ਕਿ ਜੇਕਰ ਮੈਨੂੰ ਕੋਈ ਵੀ ਸੇਵਾ ਦਿੱਤੀ ਜਾਂਦੀ ਹੈ ਮੈਂ ਈਮਾਨਦਾਰੀ ਨਾਲ ਨਿਭਾਵਾਂਗਾ। ਇਸ ਵੇਲੇ ਬੇਅਦਬੀ ਅਤੇ ਬਿਜਲੀਆਂ ਦੇ ਭਾਰ ਨੂੰ ਲੈ ਕੇ ਆਮ ਵੋਟਰ ਬਹੁ ਕੀਮਤੀ ਹਾਰ ਗਏ।
ਪੰਜਾਬ ਕਿੱਦਾਂ ਦਾ ਸੀ ਅਤੇ ਅੱਜ ਕਿੱਧਰ ਨੂੰ ਜਾ ਰਿਹਾ ਹੈ ਇਹ ਇਕ ਡੂੰਘੀ ਚਿੰਤਾ ਦਾ ਵਿਸ਼ਾ ਹੈ। ਅੱਜ ਪੜ੍ਹਾਈ ਲਿਖਾਈ ਦਾ ਸਿਸਟਮ ਸਿਹਤ ਮਹਿਕਮੇ ਦਾ ਸਿਸਟਮ ਲਾਅ ਐਂਡ ਆਰਡਰ ਦਾ ਸਿਸਟਮ ਕਿਸਾਨਾਂ ਦੀਆੰ ਸਮੱਸਿਆਵਾਂ ਸਮੇਤ ਹੋਰ ਕਈ ਸਮੱਸਿਆਵਾਂ ਵਿਚੋਂ ਪੰਜਾਬ ਗੁਜ਼ਰ ਰਿਹਾ ਹੈ, ਜਿਸ ‘ਤੇ ਡੂੰਘਾਈ ਨਾਲ ਚਿੰਤਾ ਕਰਨੀ ਬਣਦੀ ਹੈ ਅਤੇ ਮੈਨੂੰ ਆਸ ਹੈ ਕਿ ਅਸੀਂ ਇਕਜੁੱਟ ਹੋ ਕੇ ਉਹ ਸਾਰੇ ਕੰਮ ਕਰਾਂਗੇ, ਜੋ ਬੀਤੇ ਸਾਢੇ ਚਾਰ ਸਾਲ ਵਿੱਚ ਨਹੀਂ ਹੋਏ।