ਨਵੀਂ ਦਿੱਲੀ – ਵਿਰਾਟ ਕੋਹਲੀ ਨੇ ਭਾਰਤੀ T-20 ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਅਤੇ ਉਹ T-20 ਵਰਲਡ ਕੱਪ 2021 ਤੋਂ ਬਾਅਦ ਸਿਰਫ਼ ਭਾਰਤੀ ਵਨਡੇ ਅਤੇ ਟੈੱਸਟ ਟੀਮ ਦੀ ਕਪਤਾਨੀ ਹੀ ਕਰਦਾ ਨਜ਼ਰ ਆਵੇਗਾ। ਵਿਰਾਟ ਦੇ ਇਸ ਐਲਾਨ ਤੋਂ ਬਾਅਦ ਉਸ ਨੂੰ ਲੈ ਕੇ ਇੱਕ ਵੱਡੀ ਗੱਲ ਸਾਹਮਣੇ ਆ ਰਹੀ ਹੈ ਅਤੇ ਖ਼ਬਰਾਂ ਦੀ ਮੰਨੀਏ ਤਾਂ ਟੀਮ ਦੇ ਇੱਕ ਸੀਨੀਅਰ ਖਿਡਾਰੀ ਨੇ ਉਸ ਦੇ ਵਿਵਹਾਰ ਨੂੰ ਲੈ ਕੇ BCCI ਨੂੰ ਸ਼ਿਕਾਇਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਰਲਡ ਟੈੱਸਟ ਚੈਪੀਅਨਸ਼ਿਪ ਦੇ ਫ਼ਾਈਨਲ ਮੁਕਾਬਲੇ ਤੋਂ ਬਾਅਦ ਵਿਰਾਟ ਕੋਹਲੀ ਨੇ ਜੋ ਬਿਆਨ ਦਿੱਤਾ ਸੀ, ਉਹ ਉਸ ਖਿਡਾਰੀ ਨੂੰ ਨਾਗਵਾਰ ਗੁਜ਼ਰਿਆ ਅਤੇ ਇਸੇ ਵਜ੍ਹਾ ਤੋਂ ਉਸ ਪਲੇਅਰ ਨੇ ਅਜਿਹਾ ਕਦਮ ਚੁੱਕਿਆ।
ਟੀਮ ਇੰਡੀਆ ਨੇ ਜਦੋਂ ਨਿਊ ਜ਼ੀਲੈਂਡ ਖ਼ਿਲਾਫ਼ ਵਰਲਡ ਟੈੱਸਟ ਚੈਂਪੀਅਨਸ਼ਿਪ ਦਾ ਖ਼ਿਤਾਬ ਗਵਾਇਆ ਸੀ ਤਾਂ ਓਦੋਂ ਕੋਹਲੀ ਨੇ ਕਿਹਾ ਸੀ ਕਿ ਇਸ ਮੈਚ ਨੂੰ ਜਿੱਤਣ ਲਈ ਭਾਰਤੀ ਖਿਡਾਰੀਆਂ ਅੰਦਰ ਜਜ਼ਬੇ ਅਤੇ ਇਰਾਦੇ ਦੀ ਕਮੀ ਸੀ। ਕਪਤਾਨ ਦੇ ਇਸ ਤਰ੍ਹਾਂ ਬਿਆਨ ਤੋਂ ਬਾਅਦ ਟੀਮ ਦੇ ਕੁੱਝ ਖਿਡਾਰੀ ਖ਼ੁਸ਼ ਨਹੀਂ ਸਨ। ਰਿਪੋਰਟ ਦੀ ਮੰਨੀਏ ਤਾਂ ਟੀਮ ਦੇ ਕਿਸੇ ਇੱਕ ਸੀਨੀਅਰ ਖਿਡਾਰੀ ਨੇ ਬੋਰਡ ਦੇ ਸਕੱਤਰ ਜੈ ਸ਼ਾਹ ਨੂੰ ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਦਾ ਟੈਲੀਗ੍ਰਾਫ਼ ਨਾਲ ਗੱਲ ਕਰਦੇ ਹੋਏ ਇੱਕ ਸੂਤਰ ਨੇ ਦੱਸਿਆ ਕਿ ਵਿਰਾਟ ਕੋਹਲੀ ਦੀ ਜੋ ਅਪ੍ਰੋਚ ਹੈ ਜਾਂ ਉਸ ਦਾ ਜਿਸ ਤਰ੍ਹਾਂ ਦਾ ਐਟੀਟਿਊਡ ਹੈ ਉਸ ਤੋਂ ਕਈ ਖਿਡਾਰੀ ਬਿਲਕੁਲ ਵੀ ਖ਼ੁਸ਼ ਨਹੀਂ।
ਸੂਤਰਾਂ ਮੁਤਾਬਿਕ, ਵਿਰਾਟ ਕੋਹਲੀ ਹੁਣ ਗੱਲ-ਗੱਲ ‘ਤੇ ਆਪਣਾ ਆਪਾ ਗੁਆ ਰਿਹਾ ਹੈ, ਅਤੇ ਕੁੱਝ ਪਲੇਅਰਜ਼ ਨੂੰ ਉਸ ਦਾ ਕੁਰਖ਼ਤ ਰਵੱਈਆ ਉੱਕਾ ਹੀ ਪਸੰਦ ਨਹੀਂ ਜਿਸ ਕਾਰਨ ਉਹ ਟੀਮ ਦੇ ਦੂਜੇ ਖਿਡਾਰੀਆਂ ਦੀਆਂ ਨਜ਼ਰਾਂ ‘ਚ ਆਪਣਾ ਪਹਿਲਾਂ ਵਾਲਾ ਸਨਮਾਨ ਵੀ ਗੁਆ ਚੁੱਕਾ ਹੈ। ਹੁਣ ਉਹ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਵਾਲਾ ਕਪਤਾਨ ਨਹੀਂ ਰਿਹਾ।