ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1411

ਕਿਸੇ ਅਜਿਹੇ ਵਿਅਕਤੀ ਨੂੰ ਬਚਾਉਣਾ ਨਿਹਾਇਤ ਮੁਸ਼ਕਿਲ ਹੈ ਜਿਹੜਾ ਬਚਣਾ ਨਾ ਚਾਹੁੰਦਾ ਹੋਵੇ। ਫ਼ਿਰ ਜਿੰਨਾ ਤੁਹਾਡਾ ਦਿਲ ਚਾਹੇ, ਤੁਸੀਂ ਹੀਰੋ ਬਣਨ ਦੀ ਕੋਸ਼ਿਸ਼ ਕਰੋ, ਸੱਜਣਤਾਈ ਦਿਖਾਓ ਜਾਂ ਨਿਰਸੁਆਰਥੀ ਬਣੋ। ਤੁਸੀਂ ਪਹਾੜਾਂ ‘ਤੇ ਚੜ੍ਹ ਜਾਓ ਜਾਂ ਸਮੁੰਦਰਾਂ ਨੂੰ ਤਰ ਜਾਓ। ਪਰ ਉਸ ਸਭ ਦਾ ਕੀ ਫ਼ਾਇਦਾ ਜੇਕਰ ਦੂਸਰਾ ਵਿਅਕਤੀ ਖ਼ੁਦ ਦੀ ਮਦਦ ਕਰਨ ਲਈ ਆਪਣੀ ਉਂਗਲੀ ਤਕ ਵੀ ਉਠਾਉਣ ਲਈ ਤਿਆਰ ਨਹੀਂ? ਅਸਲ ਸਵਾਲ ਜਿਹੜਾ ਤੁਹਾਨੂੰ ਪੁੱਛਣਾ ਚਾਹੀਦਾ ਹੈ ਉਹ ਇਹ ਨਹੀਂ, ‘ਤੁਸੀਂ ਕੀ ਚਾਹੁੰਦੇ ਹੋ? ‘ ਪਰ, ‘ਤੁਹਾਡੇ ਸਾਥੀ ਦਾ ਅਸਲ ਏਜੰਡਾ ਕੀ ਹੈ? ਤੁਸੀਂ ਜਿਹੜੀਆਂ ਵੀ ਯੋਜਨਾਵਾਂ ਉਲੀਕੋ ਜਾਂ ਉਮੀਦਾਂ ਪਾਲੋ, ਉਨ੍ਹਾਂ ਦਾ ਤੁਹਾਡੇ ਸਾਥੀ ਦੇ ਨਜ਼ਰੀਏ ਦੇ ਅਸਲੀ ਲੇਖੇ-ਜੋਖੇ ‘ਤੇ ਆਧਾਰਿਤ ਹੋਣਾ ਬਹੁਤ ਜ਼ਰੂਰੀ ਹੈ।

ਕਲਪਨਾ ਕਰੋ ਤੁਸੀਂ ਕਿਸੇ ਯੰਤਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਨੂੰ ਫ਼ੌਰੀ ਤੌਰ ‘ਤੇ ਇੱਕ ਹਥੌੜਾ ਦਰਕਾਰ ਹੈ, ਪਰ ਤੁਹਾਡੇ ਕੋਲ ਕੇਵਲ ਇੱਕ ਪੇਚਕਸ ਹੀ ਹੈ। ਕਿਉਂਕਿ ਤੁਸੀਂ ਉਸ ਲੋੜੀਂਦੇ ਸੰਦ ਨੂੰ ਖ਼ਰੀਦਣ ਦੀ ਹੈਸੀਅਤ ‘ਚ ਨਹੀਂ, ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਭਾਲ ‘ਚ ਨਿਕਲ ਪੈਂਦੇ ਹੋ ਜਿਹੜਾ ਤੁਹਾਡੇ ਪੇਚਕਸ ਦੇ ਬਦਲੇ ਤੁਹਾਨੂੰ ਆਪਣਾ ਹਥੌੜਾ ਦੇਣ ਲਈ ਰਾਜ਼ੀ ਹੋਵੇ। ਹੁਣ ਇਹ ਇੱਕ ਮੁਸ਼ਕਿਲ ਟੀਚਾ ਬਣ ਗਿਆ ਹੈ। ਇਹ ਕਾਰਜ ਕਾਫ਼ੀ ਵਕਤ ਅਤੇ ਤਾਕਤ ਦੀ ਮੰਗ ਕਰ ਰਿਹੈ। ਜਦੋਂ ਤਕ ਤੁਸੀਂ ਆਪਣੇ ਉਦੇਸ਼ ਦੀ ਪੂਰਤੀ ਕਰ ਕੇ ਇੱਕ ਬਿਲਕੁਲ ਤਾਜ਼ਾ ਨਜ਼ਰੀਏ ਨਾਲ ਆਪਣੇ ਕੰਮ ‘ਤੇ ਵਾਪਿਸ ਪਰਤਦੇ ਹੋ, ਤੁਹਾਨੂੰ ਅਹਿਸਾਸ ਹੁੰਦੈ ਕਿ ਤੁਹਾਨੂੰ ਦਰਅਸਲ ਹਥੌੜੇ ਦੀ ਤਾਂ ਜ਼ਰੂਰਤ ਹੀ ਨਹੀਂ ਸੀ। ਤੁਹਾਨੂੰ ਸਿਰਫ਼ ਉਸ ਪੇਚਕਸ ਨੂੰ ਇੱਕ ਵੱਖਰੇ ਢੰਗ ਨਾਲ ਵਰਤਣ ਦੀ ਲੋੜ ਸੀ।

ਜਦੋਂ ਕੋਈ ਸ਼ੈਅ ਸਾਨੂੰ ਉਦਾਸ ਮਹਿਸੂਸ ਕਰਾਉਂਦੀ ਹੈ, ਸਾਨੂੰ ਉਸ ਲਈ ਖ਼ੁਸ਼ ਹੋਣਾ ਚਾਹੀਦਾ ਹੇ। ਗ਼ਮਾਂ ਦੇ ਸ੍ਰੋਤ ਹਮੇਸ਼ਾ ਸਾਨੂੰ ਅਜਿਹੀਆਂ ਸਿਆਣੀਆਂ ਚੋਣਾਂ ਤਕ ਲੈ ਕੇ ਜਾਂਦੇ ਹਨ ਜਿਹੜੀਆਂ ਸਾਡੇ ਲਈ ਵਧੇਰੇ ਸ਼ਕਤੀ ਅਤੇ ਖ਼ੁਸ਼ੀ ਲੈ ਕੇ ਆਉਂਦੀਆਂ ਹਨ। ਸਿਵਾਏ ਓਦੋਂ, ਜਦੋਂ ਅਸੀਂ ਉਨ੍ਹਾਂ ਨੂੰ ਨਾਰਾਜ਼ਗੀ ਦੇ ਸ੍ਰੋਤਾਂ ‘ਚ ਤਬਦੀਲ ਹੋਣ ਦੀ ਇਜਾਜ਼ਤ ਦੇ ਦਿੰਦੇ ਹਾਂ। ਇਹ ਤਾਂ ਜਦੋਂ ਅਸੀਂ ਆਪਣੇ ਅੰਦਰ ਤਲਖ਼ੀ ਦੀ ਭਾਵਨਾ ਨੂੰ ਪਨਪਣ ਦਿੰਦੇ ਹਾਂ, ਅਸੀਂ ਗ਼ਲਤੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਇਹ ਜ਼ਰੂਰੀ ਹੈ ਕਿ ਜਿਨ੍ਹਾਂ ਲੋਕਾਂ ਅਤੇ ਸਥਿਤੀਆਂ ਨੇ ਤੁਹਾਡੇ ਅੰਦਰ ਬੇਚੈਨੀ ਅਤੇ ਨਿਰਾਸ਼ਾ ਨੂੰ ਹੁਲਾਰਾ ਦੇਣ ‘ਚ ਯੋਗਦਾਨ ਪਾਇਐ, ਤੁਸੀਂ ਉਨ੍ਹਾਂ ਪ੍ਰਤੀ ਆਪਣੇ ਮਨ ਅੰਦਰ ਦਿਆਲੂ ਵਿਚਾਰ ਅਤੇ ਭਾਵਨਾਵਾਂ ਪੈਦਾ ਕਰੋ। ਜਿੰਨਾ ਬਿਹਤਰ ਤੁਸੀਂ ਇਹ ਕਰ ਪਾਓਗੇ, ਓਨਾ ਹੀ ਜ਼ਿਆਦਾ ਤੁਸੀਂ ਖ਼ੁਸ਼ੀ ਪ੍ਰਾਪਤ ਕਰੋਗੇ।

ਜੇਕਰ ਇੱਕ ਦਿਨ ‘ਚ ਬਹੁਤੇ ਜ਼ਿਆਦਾ ਘੰਟੇ ਨਹੀਂ ਤਾਂ ਫ਼ਿਰ ਗ਼ਾਲਬਨ ਸਾਲ ‘ਚ ਬਹੁਤੇ ਦਿਨ ਵੀ ਨਹੀਂ ਹੋਣੇ ਅਤੇ ਇਸੇ ਤਰਕ ਨੂੰ ਹੋਰ ਖਿੱਚਦੇ ਹੋਏ, ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਕੋਲ ਬਹੁਤੇ ਸਾਲ ਵੀ ਮੌਜੂਦ ਨਹੀਂ। ਪਰ ਜੇਕਰ ਧਰਤੀ ‘ਤੇ ਸਾਡਾ ਵਕਤ ਵਾਕਈ ਇੰਨਾ ਜ਼ਿਆਦਾ ਘੱਟ ਹੈ ਤਾਂ ਫ਼ਿਰ ਇਹ ਤਾਂ ਇੱਕ ਹੋਰ ਵੀ ਵੱਡਾ ਕਾਰਨ ਹੋਇਆ ਕਿ ਕਿਉਂ ਸਾਨੂੰ ਆਪਣੀ ਰਫ਼ਤਾਰ ਥੋੜ੍ਹੀ ਹੌਲੀ ਕਰ ਦੇਣੀ ਚਾਹੀਦੀ ਹੈ ਅਤੇ ਇਸ ਸਭ ਦਾ ਆਨੰਦ ਮਾਨਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਆਸਮਾਨ ਤੁਹਾਨੂੰ ਆਪਣਾ ਧਿਆਨ ਉਸ ‘ਤੇ ਕੇਂਦ੍ਰਿਤ ਕਰਨ ਦੀ ਬੇਨਤੀ ਕਰ ਰਿਹੈ ਜੋ ਇਸ ਸਾਰੇ ਤਨਾਅ ਦੇ ਪਿੱਛੇ ਦਾ ਕਾਰਨ ਹੈ। ਖ਼ੁਦ ਨੂੰ ਇੱਕ ਮਹੱਤਵਪੂਰਨ ਤੋਹਫ਼ਾ ਦਿਓ – ਅਜਿਹਾ ਤੋਹਫ਼ਾ ਜਿਹੜਾ ਨਾ ਤਾਂ ਬਹੁਤਾ ਮਹਿੰਗਾ ਹੈ, ਨਾ ਹੀ ਤੁਹਾਡੀਆਂ ਆਦਤਾਂ ਖ਼ਰਾਬ ਕਰਨ ਵਾਲਾ। ਖ਼ੁਦ ਨੂੰ ਉਸ ਦੀ ਇਜਾਜ਼ਤ ਦਿਓ ਜਿਸ ਦੇ ਤੁਸੀਂ ਹੱਕਦਾਰ ਹੋ ਅਤੇ ਜਿਸ ਸ਼ੈਅ ਨਾਲ ਤੁਹਾਡੇ ਜੀਵਨ ‘ਚ ਲੋੜੀਂਦਾ ਫ਼ਰਕ ਪੈ ਸਕਦੈ – ਇਨ੍ਹਾਂ ਸਭ ਚੀਜ਼ਾਂ ਤੋਂ ਕੁਝ ਚਿਰ ਲਈ ਛੁੱਟੀ।

ਰੋਗ ਦੀ ਪਹਿਚਾਣ ਹੀ ਉਸ ਦੀ ਰੋਕਥਾਮ ਹੈ, ਇਹ ਡਾਕਟਰੀ ਦੇ ਖੇਤਰ ਦੀ ਇੱਕ ਮਸ਼ਹੂਰ ਅਖਾਣ ਹੈ। ਇਹ ਇੱਕ ਬਹੁਤ ਹੀ ਸੱਚਾ ਕਥਨ ਹੈ ਅਤੇ ਇਹ ਕੇਵਲ ਜਿਸਮਾਨੀ ਸਲਾਮਤੀ ਦੇ ਵਿਸ਼ੇ ਲਈ ਹੀ ਢੁਕਵਾਂ ਨਹੀਂ। ਜੇਕਰ ਤੁਸੀਂ ਸੱਚਮੁੱਚ ਇਹ ਸਮਝ ਸਕੋ ਕਿ ਕਿਸੇ ਸਥਿਤੀ ‘ਚ ਅਸਲ ‘ਚ ਗ਼ਲਤ ਕੀ ਹੈ ਤਾਂ ਤੁਸੀਂ ਆਹਿਸਤਾ-ਆਹਿਸਤਾ ਅਤੇ ਸਾਕਾਰਾਤਮਕਤਾ ਨਾਲ ਉਸ ਨੂੰ ਸਹੀ ਕਰਨਾ ਸ਼ੁਰੂ ਕਰ ਸਕਦੇ ਹੋ। ਪਰ ਤੁਹਾਡੇ ਮੁਲਾਂਕਣ ਦਾ ਸਾਵਧਾਨੀ ਨਾਲ ਸੋਚਿਆ ਅਤੇ ਬਿਲਕੁਲ ਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਕਿਸੇ ਨਾਵਾਜਿਬ ਜਾਂ ਨਾਮੁਕੰਮਲ ਹੱਲ ਦੀ ਵਰਤੋਂ ਹਰਗਿਜ਼ ਨਹੀਂ ਕਰਨਾ ਚਾਹੋਗੇ। ਅਤੀਤ ਦੀਆਂ ਘਟਨਾਵਾਂ ਕਿਸੇ ਪੁਰਾਣੇ ਮਸਲੇ ਦੀ ਅਸਲ ਖ਼ਸਲਤ ‘ਤੇ ਮਦਦਗਾਰ ਚਾਨਣਾ ਪਾ ਸਕਦੀਆਂ ਹਨ। ਸੰਭਵ ਤੌਰ ‘ਤੇ, ਇਹ ਤੁਹਾਡੇ ਲਈ ਇੱਕ ਸ਼ਾਨਦਾਰ ਖ਼ਬਰ ਦਾ ਪ੍ਰਤੀਕ ਵੀ ਹੈ।