ਸ੍ਰੀ ਮੁਕਤਸਰ ਸਾਹਿਬ : ਚਰਚਿਤ ਵਿਧਾਨ ਸਭਾ ਹਲਕਾ ਲੰਬੀ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆ ਹਨ। ਬਾਦਲ ਨੇ ਆਪਣੀ ਰਿਹਾਇਸ਼ ਪਿੰਡ ਬਾਦਲ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 64 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਵਿਧਾਨ ਸਭਾ ਹਲਕਾ ਲੰਬੀ ਬਾਰੇ ਅਜੇ ਕੋਈ ਐਲਾਨ ਨਹੀ ਕੀਤਾ ਹੈ ਕਿ ਇੱਥੋਂ ਕਿਹੜਾ ਉਮੀਦਵਾਰ ਚੋਣ ਲੜੇਗਾ।
ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਕੁਝ ਸਮਾਂ ਪਹਿਲਾਂ ਪਿੰਡ ਬਾਦਲ ਵਿਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਹਲਕਾ ਲੰਬੀ ਤੋਂ ਹੀ ਚੋਣ ਲੜਣ ਬਾਰੇ ਕਹਿ ਕੇ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ ਪ੍ਰੰਤੂ ਬਾਅਦ ਵਿਚ ਉਨ੍ਹਾਂ ਨੇ ਜਲਾਲਾਬਾਦ ਹਲਕੇ ਤੋਂ ਹੀ ਚੋਣ ਲੜਣ ਦਾ ਐਲਾਨ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਸਿਆਸੀ ਮਾਹਰਾਂ ਦਾ ਮੰਨਣ ਹੈ ਕਿ ਚਰਚਿਤ ਵਿਧਾਨ ਸਭਾ ਹਲਕਾ ਲੰਬੀ ਤੋਂ ਸਾਬਕਾ ਮੁੱਖ ਮੰਤਰੀ ਅਤੇ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਹੀ ਚੋਣ ਲੜਣਗੇ।