ਜਲੰਧਰ — ਅੰਮ੍ਰਿਤਸਰ ਦੀ ਫੇਰੀ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ਵਿਖੇ ਪਹੁੰਚੇ। ਇਥੇ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਅਸਥਾਨ ਡੇਰਾ ਸੱਚ ਖੰਡ ਬੱਲਾਂ ਵਿਖੇ ਨਤਮਸਤਕ ਹੋਏ ਅਤੇ ਗੁਰੂ ਜੀ ਦਾ ਆਸ਼ਿਰਵਾਦ ਲਿਆ। ਚੰਨੀ ਦੀ ਫੇਰੀ ਨੂੰ ਧਿਆਨ ’ਚ ਰੱਖਦੇ ਹੋਏ ਪੁਲਸ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਹਨ। ਪੁਲਸ ਵੱਲੋਂ ਨੈਸ਼ਨਲ ਹਾਈਵੇਅ ਤੋਂ ਲੈ ਕੇ ਡੇਰਾ ਬੱਲਾਂ ਤੱਕ ਰੂਟ ਲਗਾ ਦਿੱਤਾ ਗਿਆ। ਪੁਲਸ ਦੇ ਨਾਲ-ਨਾਲ ਡੇਰੇ ਦੇ ਪ੍ਰਬੰਧਕਾਂ ਵੱਲੋਂ ਵੀ ਸਕਿਓਰਿਟੀ ਵਧਾਈ ਗਈ ਹੈ। ਚਰਨਜੀਤ ਸਿੰਘ ਚੰਨੀ ਪਿਛਲੀ ਵਾਰ ਜਦੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਡੇਰਾ ਬੱਲਾਂ ਪਹੁੰਚੇ ਸਨ ਤਾਂ ਉਦੋਂ ਵਾਅਦਾ ਕੀਤਾ ਗਿਆ ਸੀ ਕਿ ਡੇਰੇ ਨਾਲ ਲੱਗਦੀ ਸੌ ਏਕੜ ਜ਼ਮੀਨ ਪੰਜਾਬ ਸਰਕਾਰ ਖ਼ਰੀਦ ਕੇ ਦੇਵੇਗੀ।
ਆਪਣੇ ਸੰਬੋਧਨ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਇਥੇ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨ ਆਇਆ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਡੇਰੇ ਨਾਲ ਲੱਗਦੀ 101 ਏਕੜ ਜ਼ਮੀਨ ਖ਼ਰੀਦ ਕਰਕੇ ਗੁਰੂ ਸਾਹਿਬ ਜੀ ਦੀ ਚੇਅਰ ਸਥਾਪਿਤ ਕੀਤੀ ਜਾਵੇਗੀ ਅਤੇ 10 ਸਾਲ ਤੱਕ ਖ਼ਰਚਾ ਸਰਕਾਰ ਕਰੇਗੀ। ਗੁਰੂ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ-ਪ੍ਰਸਾਰ ਰਿਸਰਚ ਸੈਂਟਰ ਵਿਚ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਬਾਬਾ ਅੰਬਡੇਕਰ ਜੀ ਦੇ ਨਾਂ ’ਤੇ ਇਕ ਮਿਊਜ਼ੀਅਮ ਪੰਜਾਬ ’ਚ ਬਣਾਇਆ ਜਾਵੇਗਾ, ਜਿਸ ’ਚ ਬਾਬਾ ਸਾਹਿਬ ਜੀ ਦੀ ਸੋਚ ਅਤੇ ਉਨ੍ਹਾਂ ਦੇ ਜੀਵਨ ਬਾਰੇ ਦੱਸਿਆ ਜਾਵੇਗਾ।
ਕੱਲ੍ਹ ਪੀ. ਟੀ. ਯੂ. ਯੂਨੀਵਰਸਿਟੀ ’ਚ ਚਰਨਜੀਤ ਸਿੰਘ ਚੰਨੀ ਜਾ ਰਹੇ ਹਨ, ਜਿੱਥੇ ਉਨ੍ਹਾਂ ਨੇ 100 ਕਰੋੜ ਦੀ ਲਾਗਤ ਨਾਲ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਿਊਜ਼ੀਅਮ ਤਿਆਰ ਕਰਨ ਦੀ ਗੱਲ ਕਹੀ। ਇਸ ਦੇ ਨਾਲ ਹੀ ਇਕ ਮੈਨੇਜਮੈਂਟ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ।
ਮੈਨੂੰ ਰਾਹੁਲ ਗਾਂਧੀ ਨੇ ਫ਼ੋਨ ਕਰਕੇ ਦੱਸਿਆ ਕਿ ਮੈਨੂੰ ਬਣਾਇਆ ਜਾ ਰਿਹੈ ਮੁੱਖ ਮੰਤਰੀ
ਇਸ ਮੌਕੇ ਉਨ੍ਹਾਂ ਕਿਹਾ ਕਿ ਮੈਨੂੰ ਰਾਹੁਲ ਗਾਂਧੀ ਜੀ ਦਾ ਫੋਨ ਆਇਆ ਅਤੇ ਕਿਹਾ ਕਿ ਮੈਂ ਤੁਹਾਨੂੰ ਮੁੱਖ ਮੰਤਰੀ ਬਣਾਉਣ ਲੱਗਾ ਹਾਂ ਤਾਂ ਮੈ ਕਿਹਾ ਕਿ ਇਹ ਕੀ ਕਰਨ ਲੱਗੇ ਹੋ ਤੁਸੀਂ, ਮੈਂ ਇਸ ਦੇ ਕਾਬਿਲ ਨਹੀਂ ਹਾਂ ਤਾਂ ਫਿਰ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਕਾਬਿਲ ਹੋ ਅਤੇ ਜੋ ਫ਼ੈਸਲਾ ਅਸੀਂ ਕੀਤਾ ਹੈ ਉਹ ਸੋਚ ਸਮਝ ਕੇ ਕੀਤਾ ਹੈ। ਇਹ ਸੁਣ ਕੇ ਮੈਨੂੰ ਗੁਰੂ ਜੀ ਦੀ ਗੱਲ ਯਾਦ ਆ ਗਈ ਕਿ ਗਰੀਬ ਨੂੰ ਵੀ ਤਖ਼ਤ ’ਤੇ ਬਿਠਾ ਦਿੱਤਾ ਜਾਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਮਿਡਲ ਕਲਾਸ ਪੰਜਾਬ ਦਾ ਪਰਿਵਾਰ ਇਹ ਗੱਲ ਸਮਝ ਲਵੇ ਕਿ ਤੁਹਾਡਾ ਗ਼ਰੀਬ ਭਰਾ ਮੁੱਖ ਮੰਤਰੀ ਬਣ ਗਿਆ ਹੈ ਤਾਂ ਤੁਹਾਡੇ ਹੁਣ ਸਾਰੇ ਕੰਮ ਕੀਤੇ ਜਾਣਗੇ। ਪੰਜਾਬ ਦੀ ਤਰੱਕੀ ਸਾਰੀਆਂ ਜਾਤਾਂ ਅਤੇ ਧਰਮ ਦੇ ਲੋਕ ਕਰਨਗੇ।
ਜ਼ਿਕਰਯੋਗ ਹੈ ਕਿ 20 ਤਾਰੀਖ਼ ਨੂੰ ਸਹੁੰ ਚੁੱਕਣ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਆਪਣੀ ਪਹਿਲੀ ਫੇਰੀ ਦੌਰਾਨ ਅੰਮ੍ਰਿਤਸਰ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਰਾਮ ਤੀਰਥ ਅਤੇ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਏ। ਇਸ ਦੇ ਬਾਅਦ ਚਰਨਜੀਤ ਸਿੰਘ ਚੰਨੀ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦੇਣ ਪਹੁੰਚੇ ਸਨ।