ਮੁੱਖ ਮੰਤਰੀ ਬਣਨ ਮਗਰੋਂ ‘ਚਰਨਜੀਤ ਚੰਨੀ’ ਦਾ ਪਹਿਲਾ ਦਿੱਲੀ ਦੌਰਾ, ਅਕਾਲੀ ਦਲ ਨੇ ਖੜ੍ਹੇ ਕੀਤੇ ਸਵਾਲ

ਚੰਡੀਗੜ੍ਹ : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਚੰਡੀਗੜ੍ਹ ਏਅਰਪੋਰਟ ਤੋਂ ਚਾਰਟਰਡ ਪਲੇਨ ਰਾਹੀਂ ਦਿੱਲੀ ਲਈ ਰਵਾਨਾ ਹੋਏ। ਚਰਨਜੀਤ ਸਿੰਘ ਚੰਨੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਨਾਲ ਦਿੱਲੀ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੀ ਦਿੱਲੀ ਗਏ।
ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਵੱਲੋਂ ਦਿੱਲੀ ਵਿਖੇ ਹਾਈਕਮਾਨ ਨਾਲ ਮੁਲਾਕਾਤ ਕਰਕੇ ਮੰਤਰੀ ਮੰਡਲ ‘ਚ ਵਿਸਥਾਰ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਵੀ ਕਈ ਮੁੱਦਿਆਂ ‘ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਉਡਾਣ ਭਰਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਦੌਰੇ ਸਬੰਧੀ ਇਕ ਤਸਵੀਰ ਵੀ ਟਵੀਟ ਕੀਤੀ ਗਈ ਸੀ।
ਅਕਾਲੀ ਦਲ ਨੇ ਚੁੱਕੇ ਸਵਾਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚਾਰਟਰਡ ਪਲੇਨ ਰਾਹੀਂ ਦਿੱਲੀ ਦੌਰ ‘ਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ। ਅਕਾਲੀ ਦਲ ਦਾ ਕਹਿਣਾ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਆਮ ਆਦਮੀ ਨਾਲ ਖੜ੍ਹੇ ਹਨ ਤਾਂ ਫਿਰ ਕਾਂਗਰਸੀ ਆਗੂ ਚੰਡੀਗੜ੍ਹ ਤੋਂ ਦਿੱਲੀ ਦਾ ਸਿਰਫ਼ 250 ਕਿਲੋਮੀਟਰ ਦਾ ਸਫ਼ਰ ਕਰਨ ਲਈ ਪ੍ਰਾਈਵੇਟ ਜੈੱਟ ਦਾ ਇਸਤੇਮਾਲ ਕਿਉਂ ਕਰਦੇ ਹਨ। ਅਕਾਲੀ ਦਲ ਨੇ ਕਿਹਾ ਹੈ ਕਿ ਇਸ ਦੇ ਲਈ ਕੋਈ ਸਧਾਰਣ ਉਡਾਣ ਜਾ ਕਾਰਾਂ ਨਹੀਂ ਸਨ, ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ।
ਬੀਤੇ ਦਿਨ ਚੁੱਕੀ ਸੀ ਮੁੱਖ ਮੰਤਰੀ ਅਹੁਦੇ ਦੀ ਸਹੁੰ
ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਨੂੰ ਉਪ ਮੁੱਖ ਮੰਤਰੀ ਦੀ ਸਹੁੰ ਚੁਕਵਾਈ ਗਈ ਸੀ। ਨਵੇਂ ਬਣੇ ਮੁੱਖ ਮੰਤਰੀ ਵਲੋਂ ਬੀਤੀ ਰਾਤ ਕੈਬਨਿਟ ਦੀ ਬੈਠਕ ਵੀ ਕੀਤੀ ਗਈ, ਜਿਸ ਦੌਰਾਨ ਕਈ ਮੁੱਦਿਆਂ ‘ਤੇ ਵਿਚਾਰ-ਚਰਚਾ ਹੋਈ।