ਲੁਧਿਆਣਾ : ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਸਮੇਂ ਇਹ ਸਾਫ਼ ਕਰ ਦਿੱਤਾ ਗਿਆ ਸੀ ਕਿ ਉਨ੍ਹਾਂ ਲਈ ਸਿਆਸੀ ਬਦਲ ਅਜੇ ਖੁੱਲ੍ਹੇ ਹਨ। ਹਾਲਾਂਕਿ ਉਨ੍ਹਾਂ ਨੇ ਭਵਿੱਖ ਨੂੰ ਲੈ ਕੇ ਆਪਣੇ ਕਰੀਬੀਆਂ ਨਾਲ ਚਰਚਾ ਕਰਨ ਤੋਂ ਬਾਅਦ ਫ਼ੈਸਲਾ ਲੈਣ ਦੀ ਗੱਲ ਕਹੀ ਸੀ ਪਰ ਫਿਲਹਾਲ ਇਸ ਸਬੰਧੀ ਤਸਵੀਰ ਸਾਫ਼ ਨਹੀਂ ਹੋ ਪਾਈ ਹੈ। ਦੱਸਿਆ ਜਾਂਦਾ ਹੈ ਕਿ ਕੈਪਟਨ ਵੱਲੋਂ ਪੰਜਾਬ ਕੈਬਨਿਟ ਦੇ ਪੁਨਰਗਠਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਕਰੀਬੀ ਰਹੇ ਕੁੱਝ ਮੰਤਰੀਆਂ ਨੂੰ ਕੈਬਨਿਟ ‘ਚ ਦੁਬਾਰਾ ਸ਼ਾਮਲ ਨਾ ਕਰਨ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ, ਜਿਨ੍ਹਾਂ ‘ਚ ਰਾਣਾ ਸੋਢੀ, ਵਿਜੇ ਇੰਦਰ ਸਿੰਗਲਾ, ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੱਧੂ ਅਤੇ ਗੁਰਪ੍ਰੀਤ ਕਾਂਗੜ ਦੇ ਨਾਂ ਸ਼ਾਮਲ ਹਨ।
ਇਸ ਦੌਰ ‘ਚ ਜਿਨ੍ਹਾਂ ਮੰਤਰੀਆਂ ਨੂੰ ਕੈਬਨਿਟ ਤੋਂ ਬਾਹਰ ਕੀਤਾ ਜਾਵੇਗਾ ਜਾਂ ਜਿਨ੍ਹਾਂ ਨਵੇਂ ਦਾਅਵੇਦਾਰਾਂ ਨੂੰ ਐਂਟਰੀ ਨਹੀਂ ਮਿਲੇਗੀ, ਉਨ੍ਹਾਂ ਦੇ ਦਮ ‘ਤੇ ਕੈਪਟਨ ਵੱਲੋਂ ਹਾਈਕਮਾਨ ਸਾਹਮਣੇ ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਫਲੋਰ ਟੈਸਟ ਦੀ ਨੌਬਤ ਵੀ ਆ ਸਕਦੀ ਹੈ। ਸ਼ਾਇਦ ਇਸੇ ਸੰਭਾਵਨਾ ਦੇ ਮੱਦੇਨਜ਼ਰ ਸਿੱਧੂ ਅਤੇ ਚੰਨੀ ਵੱਲੋਂ ਕੈਬਨਿਟ ਦੇ ਪੁਨਰਗਠਨ ਨੂੰ ਲੈ ਕੇ ਜਲਦਬਾਜ਼ੀ ਨਹੀਂ ਦਿਖਾਈ ਗਈ ਅਤੇ ਮੰਤਰੀਆਂ ਦੇ ਨਾਂ ਦਾ ਫ਼ੈਸਲਾ ਹਾਈਕਮਾਨ ਤੋਂ ਕਰਵਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।
ਚੰਨੀ ਨੇ ਹਾਈਕਮਾਨ ਦੇ ਇਸ਼ਾਰੇ ‘ਤੇ ਬਦਲਿਆ ਸਿਸਵਾਂ ਫਾਰਮ ਹਾਊਸ ਦਾ ਰੂਟ
ਉਂਝ ਤਾਂ ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਰਾਵਤ ਨੇ ਕੈਪਟਨ ਨੂੰ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ ਪਰ ਉਹ ਨਹੀਂ ਆਏ। ਫਿਰ ਖ਼ੁਦ ਚੰਨੀ ਨੇ ਕੈਪਟਨ ਦੀ ਤਾਰੀਫ਼ ਕਰਨ ਤੋਂ ਬਾਅਦ ਉਨ੍ਹਾਂ ਕੋਲ ਜਾਣ ਦੀ ਗੱਲ ਕਹੀ, ਜਿਸ ਲਈ ਸੋਮਵਾਰ ਦੁਪਹਿਰ ਨੂੰ ਇਕ ਵਜੇ ਦਾ ਸਮਾਂ ਵੀ ਤੈਅ ਹੋ ਗਿਆ ਪਰ ਐਨ ਮੌਕੇ ‘ਤੇ ਸਿਸਵਾਂ ਫਾਰਮ ਹਾਊਸ ਦਾ ਰੂਟ ਬਦਲ ਦਿੱਤਾ ਗਿਆ ਅਤੇ ਚੰਨੀ ਨੇ ਪਰਗਟ ਸਿੰਘ ਦੇ ਘਰ ਲੰਚ ਕੀਤਾ।
ਇਸ ਨੂੰ ਸਿੱਧੂ ਅਤੇ ਹਾਈਕਮਾਨ ਦੇ ਇਸ਼ਾਰੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ ਕਿਉਂਕਿ ਕੈਪਟਨ ਵੱਲੋਂ ਅਸਤੀਫ਼ਾ ਦੇਣ ਦੇ ਸਮੇਂ ਹਾਈਕਮਾਨ ਦੇ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਗਈ ਸੀ। ਉਸ ਦਾ ਜਵਾਬ ਦੇਣ ਲਈ ਰਾਹੁਲ ਗਾਂਧੀ ਖ਼ੁਦ ਚੰਨੀ ਦੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਹੋਣ ਲਈ ਆਏ ਅਤੇ ਫਿਰ ਚੰਨੀ ਨੂੰ ਮਜ਼ਬੂਤ ਦਿਖਾਉਣ ਲਈ ਕੈਪਟਨ ਦੇ ਘਰ ਜਾਣ ਤੋਂ ਰੋਕ ਦਿੱਤਾ ਗਿਆ।