ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੀ ਸ਼ੱਕੀ ਹਾਲਾਤ ‘ਚ ਮੌਤ

ਪ੍ਰਯਾਗਰਾਜ – ਸੰਤਾਂ ਦੀ ਸਭ ਤੋਂ ਵੱਡੀ ਸੰਸਥਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦਾ ਦਿਹਾਂਤ ਹੋ ਗਿਆ ਹੈ। ਪ੍ਰਯਾਗਰਾਜ ਦੇ ਬਾਘੰਬਰੀ ਮੱਠ ਵਿੱਚ ਉਨ੍ਹਾਂ ਦਾ ਦਿਹਾਂਤ ਹੋਇਆ। ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਪੁਲਸ ਦਰਵਾਜ਼ਾ ਤੋੜ ਕੇ ਅੰਦਰ ਪਹੁੰਚੀ ਤਾਂ ਉਨ੍ਹਾਂ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਸੂਤਰਾਂ ਮੁਤਾਬਕ ਇਸ ਸੁਸਾਈਡ ਨੋਟ ਵਿੱਚ ਚੇਲੇ ਆਨੰਦ ਗਿਰੀ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਥੇ ਹੀ, ਇਸ ਖ਼ਬਰ ਤੋਂ ਬਾਅਦ ਸੰਤਾਂ ਵਿੱਚ ਸੋਗ ਦੀ ਲਹਿਰ ਹੈ।
ਤੁਹਾਨੂੰ ਦੱਸ ਦਈਏ ਕਿ, ਇਹ ਉਹੀ ਆਨੰਦ ਗਿਰੀ ਹਨ, ਜਿਨ੍ਹਾਂ ਨਾਲ ਮਹੰਤ ਨਰਿੰਦਰ ਗਿਰੀ ਦਾ ਵਿਵਾਦ ਚੱਲ ਰਿਹਾ ਸੀ, ਬਾਅਦ ਵਿੱਚ ਉਨ੍ਹਾਂ ਨੂੰ ਮੱਠ ਤੋਂ ਵੱਖ ਕਰ ਦਿੱਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਇਸ ਨੂੰ ਸੁਲਝਾ ਲਿਆ ਗਿਆ ਸੀ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ, ਪਰਮਾਤਮਾ ਨੇਕ ਆਤਮਾ ਨੂੰ ਉਸਦੇ ਚਰਨਾਂ’ ਵਿੱਚ ਸਥਾਨ ਅਤੇ ਉਨ੍ਹਾਂ ਦੇ ਚੇਲਿਆਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ।
ਉਥੇ ਹੀ, ਯੂ.ਪੀ. ਵਿਧਾਨਸਭਾ ਪ੍ਰਧਾਨ ਹਿਰਦੇ ਨਾਰਾਇਣ ਦੀਕਸ਼ਤ ਨੇ ਮਹੰਤ ਨਰਿੰਦਰ ਗਿਰੀ ਦੇ ਦਿਹਾਂਤ ‘ਤੇ ਸੋਗ ਜ਼ਾਹਿਰ ਕੀਤਾ। ਉਥੇ ਹੀ, ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ, ਕਿ ਮਹੰਤ ਨਰਿੰਦਰ ਗਿਰੀ ਆਤਮ ਹੱਤਿਆ ਨਹੀਂ ਕਰ ਸਕਦੇ। ਇਸ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ।