ਗੁਰਦਾਸਪੁਰ – ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ’ਤੇ ਰਾਜਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦੇ ਹੋਏ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਮੌਕੇ ਵਿਸ਼ੇਸ਼ ਵਧਾਈ ਦਿੱਤੀ ਹੈ। ਟਵੀਟ ’ਚ ਉਨ੍ਹਾਂ ਨੇ ਆਸ ਕੀਤੀ ਹੈ ਕਿ ਚੰਨੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣਗੇ। ਭਾਵੇਂ ਸਮਾਂ ਥੋੜਾ ਹੈ, ਜੋ ਬਹਾਦੁਰ ਲੀਡਰ ਹੁੰਦੇ ਹਨ, ਉਨ੍ਹਾਂ ਲਈ ਇੰਨਾਂ ਹੀ ਸਮਾਂ ਪੰਜਾਬ ਵਿੱਚ ਧਰਮ ਦੇ ਨਾਮ ’ਤੇ ਵੰਡ ਪਾਉਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਗੁਰੇਜ ਨਹੀਂ ਕਰਨਗੇ।
ਇਸ ਦੇ ਨਾਲ ਹੀ ਸਾਬਕਾ ਮੰਤਰੀ ਪੰਜਾਬ ਪ੍ਰੋ. ਕੁਮਾਰੀ ਸੁਸ਼ੀਲ ਮਹਾਜਨ ਨੇ ਵੀ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ’ਤੇ ਜਿਥੇ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਨੇ ਕੁੱਲ ਹਿੰਦ ਪ੍ਰਧਾਨ ਸੋਨੀਆ ਗਾਂਧੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ। ਕੁਮਾਰੀ ਸੁਸ਼ੀਲ ਨੇ ਕਿਹਾ ਕਿ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਦੇ ਅਹੁੱਦੇ ’ਤੇ ਵਿਰਾਜਮਾਨ ਕਰਵਾਇਆ ਹੈ। ਅਜਿਹੀ ਸੋਚ ਧਰਮ ਨਿਰਪੱਖ ਕਾਂਗਰਸ ਪਾਰਟੀ ਦੀ ਹੋ ਸਕਦੀ ਹੈ।
ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕ ਲਈ ਹੈ। ਇਸ ਮੌਕੇ ਰਾਹੁਲ ਗਾਂਧੀ, ਹਰੀਸ਼ ਰਾਵਤ ਅਤੇ ਕਾਂਗਰਸ ਲੀਡਰਸ਼ਿਪ ਮੌਜੂਦ ਰਹੀ। ਰਾਹੁਲ ਗਾਂਧੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਵੱਲੋਂ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਗਈ। ਇਨ੍ਹਾਂ ਸਭ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਸਹੁੰ ਚੁਕਾਈ ਗਈ। ਇਸ ਦੇ ਨਾਲ ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਪਹਿਲੀ ਵਾਰ ਕਿਸੇ ਦਲਿਤ ਚਿਹਰੇ ਨੂੰ ਬੈਠਾਉਣ ਦਾ ਇਤਿਹਾਸ ਵੀ ਰਚ ਦਿੱਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਉਣ ’ਤੇ ਕਿਹਾ ਕਿ ਇਹ ਕਾਂਗਰਸ ਨੇ ਸਾਰੇ ਸਿਆਸੀ ਦਲਾਂ ਨੂੰ ਧੋਬੀ ਪਲਟਾ ਦਿੱਤਾ ਹੈ।