ਲਖਨਊ- ਪੰਜਾਬ ’ਚ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਸੋਮਵਾਰ ਨੂੰ ਇਸ ਨੂੰ ਚੋਣਾਵੀ ਹੱਥਕੰਡਾ ਦੱਸਿਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਬਸਪਾ ਅਤੇ ਅਕਾਲੀ ਦਲ ਗਠਜੋੜ ਤੋਂ ਕਾਂਗਰਸ ਬਹੁਤ ਜ਼ਿਆਦਾ ਘਬਰਾਈ ਹੋਈ ਹੈ, ਇਸ ਲਈ ਉਸ ਨੇ ਅਜਿਹਾ ਕੀਤਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ,‘‘ਪੰਜਾਬ ’ਚ ਦਲਿਤ ਭਾਈਚਾਰੇ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚੋਣਾਵੀ ਹੱਥਕੰਡਾ ਹੈ, ਇਸ ਦੇ ਸਿਵਾਏ ਕੁਝ ਨਹੀਂ ਹੈ।
ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਗੈਰ-ਦਲਿਤ ਦੀ ਅਗਵਾਈ ’ਚ ਹੀ ਲੜੀਆਂ ਜਾਣਗੀਆਂ, ਜਿਸ ਤੋਂ ਇਹ ਸਾਫ਼ ਜ਼ਾਹਰ ਹੈ ਕਿ ਕਾਂਗਰਸ ਪਾਰਟੀ ਦਾ ਹਾਲੇ ਤੱਕ ਦਲਿਤਾਂ ’ਤੇ ਪੂਰਾ ਭਰੋਸਾ ਨਹੀਂ ਬਣਿਆ ਹੈ। ਇਨ੍ਹਾਂ ਦੇ ਇਸ ਦੋਹਰੇ ਚਰਿੱਤਰ ਅਤੇ ਚਿਹਰੇ ਆਦਿ ਤੋਂ ਉੱਥੇ ਦੇ ਦਲਿਤ ਵਰਗ ਦੇ ਲੋਕਾਂ ਨੂੰ ਸਾਵਧਾਨ ਰਹਿਣਾ ਹੈ। ਇਸ ਤੋਂ ਇਹ ਵੀ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਇੱਥੇ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਤੋਂ ਬਹੁਤ ਜ਼ਿਆਦਾ ਘਬਰਾਈ ਹੋਈਹੈ। ਮੈਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਦੇ ਦਲਿਤ ਵਰਗ ਦੇ ਲੋਕ ਇਨ੍ਹਾਂ ਦੇ ਇਸ ਹੱਥਕੰਡੇ ਦੇ ਬਹਿਕਾਵੇ ’ਚ ਬਿਲਕੁੱਲ ਨਹੀਂ ਆਉਣਗੇ।’’ ਪੰਜਾਬ ’ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਚੰਨੀ ਪੰਜਾਬ ’ਚ ਮੁੱਖ ਮੰਤਰੀ ਬਣਨ ਵਾਲੇ ਦਲਿਤ ਭਾਈਚਾਰੇ ਦੇ ਪਹਿਲੇ ਵਿਅਕਤੀ ਹਨ। ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜੂਨ ਮਹੀਨੇ ’ਚ ਗਠਜੋੜ ਕੀਤਾ ਸੀ।