ਨਵਜੋਤ ਸਿੱਧੂ ’ਤੇ ਦਿੱਤੇ ਰਾਵਤ ਦੇ ਬਿਆਨ ਤੋਂ ਭੜਕੇ ਸੁਨੀਲ ਜਾਖੜ, ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਚਰਨਜੀਤ ਸਿੰਘ ਚੰਨੀ ਵਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਲੋਂ 2022 ਦੀਆਂ ਚੋਣਾਂ ਨਵਜੋਤ ਸਿੱਧੂ ਦੀ ਅਗਵਾਈ ਹੇਠ ਲੜੇ ਜਾਣ ਬਾਰੇ ਦਿੱਤੇ ਬਿਆਨ ’ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਭੜਕ ਉਠੇ ਹਨ। ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਹੈ ਕਿ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਦਿਨ ਹਰੀਸ਼ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ ਇਹ ਹੈਰਾਨ ਕਰਨ ਵਾਲਾ ਬਿਆਨ ਹੈ। ਇਸ ਨਾਲ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਸੰਭਾਵਨਾ ਅਤੇ ਨਾਲ ਹੀ ਅਹੁਦੇ ਲਈ ਉਨ੍ਹਾਂ ਦੀ ਚੋਣ ਦੇ ਬਹੁਤ ਹੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨੂੰ ਵੀ ਨਕਾਰਦਾ ਹੈ।
ਉਨ੍ਹਾਂ ਕਿਹਾ ਕਿ ਇਹ ਬਿਆਨ ਬਤੌਰ ਮੁੱਖ ਮੰਤਰੀ ਚੰਨੀ ਦਾ ਰੁਤਬਾ ਘਟਾਉਣ ਵਾਲਾ ਬਿਆਨ ਹੈ। ਸੁਨੀਲ ਜਾਖੜ ਦੇ ਇਸ ਬਿਆਨ ਨੇ ਜਿੱਥੇ ਕਾਂਗਰਸ ਵਿਚ ਪੈਦਾ ਹੋ ਰਹੇ ਹਾਲਾਤ ’ਤੇ ਨਵੀਂ ਚਰਚਾ ਛੇੜ ਦਿੱਤੀ ਹੈ, ਉਥੇ ਹੀ ਇਸ ਨਾਲ ਕਿਤੇ ਨਾਲ ਕਿਤੇ ਸੁਨੀਲ ਜਾਖੜ ਦੀ ਨਾਰਾਜ਼ਗੀ ਵੀ ਸਾਹਮਣੇ ਆ ਰਹੀ ਹੈ।