ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿਚ ਬਹੁਮਤ ਹਾਸਲ ਕਰਨ ਲਈ ਮੱਧਕਾਲੀ ਚੋਣਾਂ ਕਰਾਉਣ ਦਾ ਜੁਆ ਖੇਡਿਆ ਪਰ ਸੋਮਵਾਰ ਨੂੰ ਹੋ ਰਹੀਆਂ ਚੋਣਾਂ ਵਿਚ ਉਨ੍ਹਾਂ ’ਤੇ ਸੱਤਾ ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਮੁਤਾਬਕ ਟਰੂਡੋ ਦੀ ਲਿਬਰਲ ਪਾਰਟੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਵਿਚਾਲੇ ਟਕਰਾਅ ਚੱਲ ਰਿਹਾ ਹੈ। ਲਿਬਰਲ ਪਾਰਟੀ ਦੇ ਸੰਸਦ ਵਿਚ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਸੰਭਵਨਾ ਹੈ ਪਰ ਉਸ ਨੂੰ ਬਹੁਮਤ ਮਿਲਣ ਦੀ ਉਮੀਦ ਘੱਟ ਹੈ। ਅਜਿਹੇ ਵਿਚ ਵਿਰੋਧੀ ਧਿਰ ਦੇ ਸਹਿਯੋਗ ਦੇ ਬਿਨਾਂ ਸੱਤਾ ਵਿਚ ਆਉਣਾ ਸੰਭਵ ਨਹੀਂ ਹੋਵੇਗਾ। ਟੋਰਾਂਟੋ ਯੂਨੀਵਰਸਿਟੀ ਦੇ ਕੈਨੇਡੀਅਨ ਇਤਿਹਾਸ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਪ੍ਰੋਫੈਸਰ ਰੌਬਰਟ ਬੋਥਵੇਲ ਨੇ ਕਿਹਾ, ‘ਟਰੂਡੋ ਨੇ ਸਥਿਤੀ ਨੂੰ ਪਛਾਣਨ ਵਿਚ ਮੂਰਖਤਾਪੂਰਨ ਭੁੱਲ ਕੀਤੀ ਹੈ।’
ਟਰੂਡੋ ਨੇ ਇਕ ਅਜਿਹੀ ਸਥਿਰ ਘੱਟ ਗਿਣਤੀ ਸਰਕਾਰ ਨਾਲ ਚੋਣਾਂ ਵਿਚ ਪ੍ਰਵੇਸ਼ ਕੀਤਾ, ਜਿਸ ’ਤੇ ਅਹੁਦੇ ਤੋਂ ਹਟਾਏ ਜਾਣ ਖ਼ਤਰਾ ਨਹੀਂ ਸੀ। ਵਿਰੋਧੀ ਧਿਰ ਨੇ ਮਿਆਦ ਤੋਂ ਪਹਿਲਾਂ ਮੱਧਕਾਲੀ ਚੋਣਾਂ ਕਰਾਉਣ ਨੂੰ ਲੈ ਕੇ ਟਰੂਡੋ ’ਤੇ ਲਗਾਤਾਰ ਨਿਸ਼ਾਨਾ ਵਿੰਨਿ੍ਹਆ ਹੈ ਅਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਆਪਣੀ ਇੱਛਾ ਲਈ ਇਹ ਕਦਮ ਚੁੱਕਿਆ। ਟਰੂਡੋ ਦੇ ਸਾਹਮਣੇ ਇਕ ਸੇਵਾਮੁਕਤ ਫ਼ੌਜੀ , ਸਾਬਕਾ ਵਕੀਲ ਅਤੇ 9 ਸਾਲ ਤੋਂ ਸੰਸਦ ਮੈਂਬਰ ਏਰਿਨ ਓ ਟੂਲੇ (47) ਦੀ ਸਖ਼ਤ ਚੁਣੌਤੀ ਹੈ। ਟਰੂਡੋ ਨੇ 2015 ਵਿਚ ਆਪਣੇ ਪਿਤਾ ਅਤੇ ਮਰਹੂਮ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਦੀ ਪ੍ਰਸਿੱਧੀ ਦਾ ਫ਼ਾਇਦਾ ਚੁੱਕਦੇ ਹੋਏ ਚੋਣਾਂ ਜਿੱਤੀਆਂ ਸਨ ਪਰ ਉਮੀਦਾਂ, ਘੁਟਾਲਿਆਂ ਅਤੇ ਵਿਸ਼ਵਵਿਆਪੀ ਮਹਾਮਾਰੀ ਵਿਚਾਲੇ ਚੋਣਾਂ ਕਰਾਉਣ ਦਾ ਪਿਛਲੇ ਮਹੀਨੇ ਫ਼ੈਸਲਾ ਕਰਨ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ। ਟਰੂਡੋ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੀ ਤੁਲਨਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਬਿਹਤਰ ਤਰੀਕੇ ਨਾਲ ਨਜਿੱਠੇ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਕੈਨੇਡਾ ਦੇ ਲੋਕ ਉਨ੍ਹਾਂ ਨੂੰ ਇਸ ਲਈ ਇਨਾਮ ਦੇਣਗੇ। ਵੱਧ ਤੋਂ ਵੱਧ ਲੋਕਾਂ ਦੇ ਟੀਕਾਕਰਨ ਦੇ ਮਾਮਲੇ ਵਿਚ ਕੈਨੇਡਾ ਸਿਖ਼ਰ ’ਤੇ ਹੈ ਅਤੇ ਟਰੂਡੋ ਸਰਕਾਰ ਨੇ ਤਾਲਾਬੰਦੀ ਦਰਮਿਆਨ ਅਰਥ-ਵਿਵਸਥਾ ਨੂੰ ਰਫ਼ਤਾਰ ਦੇਣ ਲਈ ਅਰਬਾਂ ਡਾਲਰ ਖ਼ਰਚ ਕੀਤੇ ਹਨ।
ਟਰੂਡੋ ਨੇ ਦੇਸ਼ ਦੀ ਜਨਤਾ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਵਿਰੋਧੀ ‘ਕੱਟੜਪੰਥੀ’ ਮਹਾਮਾਰੀ ਖ਼ਿਲਾਫ਼ ਦੇਸ਼ ਦੀ ਲੜਾਈ ਨੂੰ ਕਮਜ਼ੋਰ ਕਰਨਗੇ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਲੋਕਾਂ ਨੂੰ ਅਜਿਹੀ ਸਰਕਾਰ ਦੀ ਜ਼ਰੂਰਤ ਹੈ ਜੋ ਵਿਗਿਆਨ ’ਤੇ ਭਰੋਸਾ ਕਰੇ। ਉਨ੍ਹਾਂ ਨੇ ਮਾਂਟਰੀਅਲ ਵਿਚ ਐਤਵਾਰ ਨੂੰ ਚੋਣ ਪ੍ਰਚਾਰ ਮੁਹਿੰਮ ਖ਼ਤਮ ਕਰਦੇ ਹੋਏ ਟਰੂਡੋ ਨੇ ਕਿਹਾ, ‘ਸਾਨੂੰ ਕੰਜ਼ਰਵੇਟਿਵ ਸਰਕਾਰ ਦੀ ਜ਼ਰੂਰਤ ਨਹੀਂ ਹੈ, ਜੋ ਟੀਕਾਕਰਨ ਦੇ ਖੇਤਰ ਵਿਚ ਲੀਡਰਸ਼ਿਪ ਸਮਰਥਾ ਦਾ ਪ੍ਰਦਰਸ਼ਨ ਨਹੀਂ ਕਰ ਸਕੇਗੀ ਅਤੇ ਨਾ ਹੀ ਵਿਗਿਆਨ ਦੇ ਖੇਤਰ ਵਿਚ ਜਿਸਦੀ ਸਾਨੂੰ ਜ਼ਰੂਰਤ ਹੈ।’ ਕੰਜ਼ਵੇਟਿਵ ਨੇਤਾ ਏਰਿਨ ਓ ਟੂਲੇ ਨੇ ਇਹ ਦੱਸਣ ਤੋਂ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਕਿੰਨੇ ਉਮੀਦਵਾਰਾਂ ਨੇ ਟੀਕਾ ਨਹੀਂ ਲਗਵਾਇਆ ਹੈ ਅਤੇ ਟਰੂਡੋ ਕੈਨੇਡਾ ਦੇ ਲੋਕਾਂ ਨੂੰ ਹਰ ਮੌਕੇ ’ਤੇ ਇਸ ਦੀ ਯਾਦ ਦਿਵਾਉਂਦੇ ਰਹਿੰਦੇ ਹਨ। ਓ ਟੂਲੇ ਨੇ ਟੀਕਾ ਲਗਵਾਉਣ ਨੂੰ ਉਮੀਦਵਾਰਾਂ ਦਾ ਸਿਹਤ ਸਬੰਧੀ ਨਿੱਜੀ ਫ਼ੈਸਲਾ ਦੱਸਿਆ ਪਰ ਦੇਸ਼ ਵਿਚ ਟੀਕਾ ਲਗਵਾਉਣ ਵਾਲਿਆਂ ਦੀ ਲਗਾਤਾਰ ਵੱਧ ਰਹੀ ਸੰਖਿਆ ਦੇ ਪਿਛੋਕੜ ਵਿਚ ਟੀਕਾ ਨਾ ਲਗਵਾਉਣ ਵਾਲਿਆਂ ਪ੍ਰਤੀ ਗੁੱਸਾ ਵੀ ਵੱਧ ਰਿਹਾ ਹੈ। ਹਵਾਈ ਅਤੇ ਰੇਲ ਯਾਤਰਾ ਕਰਨ ਵਾਲੇ ਕੈਨੇਡਾ ਵਾਸੀਆਂ ਲਈ ਟਰੂਡੋ ਟੀਕਾਕਰਨ ਨੂੰ ਜ਼ਰੂਰੀ ਬਣਾਉਣ ਦੇ ਪੱਖ ਵਿਚ ਹਨ ਪਰ ਕੰਜ਼ਰਵੇਟਿਵ ਇਸ ਦਾ ਵਿਰੋਧ ਕਰਦੇ ਹਨ। ਟਰੂਡੋ ਨੇ ਦੱਸਿਆ ਕਿ ਅਲਬਰਟਾ ਵਿਚ ਕੰਜ਼ਰਵੇਟਿਵ ਸਰਕਾਰ ਵੱਲੋਂ ਸੂਬਾਈ ਸਰਕਾਰ ਚਲਾਈ ਜਾ ਰਹੀ ਹੈ ਅਤੇ ਉਥੇ ਸੰਕਟ ਦੀ ਸਥਿਤੀ ਹੈ।