ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਸਕੱਤਰਾਂ ਨਾਲ ਲੰਬੀ ਬੈਠਕ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ’ਤੇ ਹੈਰਾਨੀ ਹੈ ਕਿ ਵਿਕਾਸ ਦਾ ਦ੍ਰਿਸ਼ਟੀਕੋਣ ਹੋਣ ਦੇ ਬਾਵਜੂਦ ਵੀ ਨੌਕਰਸ਼ਾਹ ਉਨ੍ਹਾਂ ਨੂੰ ਅਮਲੀਜਾਮਾ ਪਹਿਨਾਉਣ’ਚ ਪਿਛੜ ਕਿਉਂ ਜਾਂਦੇ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਪ੍ਰੀਸ਼ਦ ’ਚ ਇਕ ਵੱਡੇ ਫੇਰਬਦਲ ਦੇ ਕੁਝ ਮਹੀਨਿਆਂ ਬਾਅਦ ਇਹ ਬੈਠਕ ਹੋਈ, ਜੋ 4 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ। ਸੂਤਰਾਂ ਅਨੁਸਾਰ ਕਈ ਸਕੱਤਰਾਂ ਨੇ ਵੱਖ-ਵੱਖ ਨੀਤੀਗਤ ਮਾਮਲਿਆਂ ’ਤੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਅਤੇ ਸ਼ਾਸਨ ’ਚ ਸੁਧਾਰ ਤੇ ਜ਼ਮੀਨੀ ਪੱਧਰ ’ਤੇ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਉਤਾਰਨ ਬਾਰੇ ਸੁਝਾਅ ਦਿੱਤੇ। ਸੂਤਰਾਂ ਅਨੁਸਾਰ ਸਕੱਤਰਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੋਦੀ ਨੇ ਕਿਹਾ ਕਿ ਇਹ ਕਾਬਲੇ ਤਾਰੀਫ਼ ਹੈ ਕਿ ਉਨ੍ਹਾਂ ਸਾਰਿਆਂ ਕੋਲ ਦ੍ਰਿਸ਼ਟੀਕੋਣ ਤਾਂ ਹੈ ਪਰ ਇਸ ਗੱਲ ’ਤੇ ਹੈਰਾਨੀ ਹੈ ਕਿ ਉਸ ਦ੍ਰਿਸ਼ਟੀਕੋਣ ਨੂੰ ਅਮਲੀਜਾਮਾ ਕਿਉਂ ਨਹੀਂ ਪਹਿਨਾਇਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਸਕੱਤਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਭਾਗ ਦੇ ਸਕੱਤਰ ਦੇ ਰੂਪ ’ਚ ਰਵੱਈਆ ਕਰਨ ਦੀ ਬਜਾਏ ਆਪਣੀਆਂ-ਆਪਣੀਆਂ ਟੀਮਾਂ ਦੇ ਨੇਤਾ ਦੇ ਰੂਪ ’ਚ ਕੰਮ ਕਰਨਾ ਚਾਹੀਦਾ। ਸੂਤਰਾਂ ਅਨੁਸਾਰ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਪ੍ਰਧਾਨ ਮੰਤਰੀ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਉਨ੍ਹਾਂ ’ਚ ਨਵੀਂ ਊਰਜਾ ਭਰਨ ਅਤੇ ਸਰਕਾਰ ਦੇ ਕੰਮਕਾਜ ’ਚ ਉਤਸ਼ਾਹ ਦਾ ਸੰਚਾਰ ਕਰਨ ਲਈ ਬੈਠਕਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੱਤਰਾਂ ਨਾਲ ਇਹ ਬੈਠਕ ਉਸੇ ਦਾ ਹਿੱਸਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਨੌਕਰਸ਼ਾਹ ਮਹਿਸੂਸ ਕਰਦੇ ਹਨ ਕਿ ਇਹ ਬੈਠਕ ਮੰਤਰੀ ਪ੍ਰੀਸ਼ਦ ਤੋਂ ਬਾਅਦ ਹੁਣ ਨੌਕਰਸ਼ਾਹੀ ’ਚ ਫੇਰਬਦਲ ਦਾ ਸੰਕੇਤ ਹੋ ਸਕਦੀ ਹੈ।