ਖੇਮਕਰਨ – ਸੈਕਟਰ ਖਾਲੜਾ ਦੇ ਅਧੀਨ ਆਉਂਦੀ ਬੀ.ਐੱਸ.ਐੱਫ ਦੀ ਚੌਕੀ ਵਾਂ ਤਾਰਾ ਸਿੰਘ ਵਿਖੇ ਤਾਇਨਾਤ ਬੀ.ਐੱਸ.ਐੱਫ ਦੀ ਬਟਾਲੀਅਨ 103 ਦੇ ਜਵਾਨਾਂ ਵਲੋਂ ਬੀ.ਪੀ ਨੰਬਰ 138/20-21 ਜਿਸ ਦੀ ਆਈ.ਬੀ ਤੋਂ ਲਗਭਗ 200 ਮੀਟਰ ਬੀ.ਈ.ਓ.ਕੇ.ਐੱਸ ਵਾਲਾ ਤੋਂ 1500 ਮੀਟਰ ਪਾਕਿਸਤਾਨੀ ਪੋਸਟ ਕਿਰਕਾ ਐਕਸ 19 ਵਿੰਗ ਐੱਸ.ਆਰ ਤੋਂ ਲਗਭਗ 1300 ਮੀਟਰ ਹੈ, ਤੋਂ ਕੁਝ ਉੱਡਣ ਵਾਲੀ ਵਸਤੂ ਡਰੋਨ ਦੀ ਆਵਾਜ਼ ਸੁਣੀ। ਡਰੋਨ ਦੀ ਆਵਾਜ਼ ਸੁਣਦੇ ਸਾਰ ਤੁਰੰਤ ਕਾਰਵਾਈ ਕਰਦਿਆਂ ਬਾਰਡਰ ’ਤੇ ਸਥਿਤ ਬੀ.ਐੱਸ.ਐੱਫ ਬਟਾਲੀਅਨ 103 ਦੇ ਜਵਾਨਾਂ ਵਲੋਂ 10 ਦੀ ਕਰੀਬ ਫਾਇਰ ਕੀਤੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਦੇ ਕਰੀਬ 12.30 ਚੌਕੀ ਕੇ.ਐੱਸ ਵਾਲਾ ਵਿਖੇ ਕੁਝ ਉੱਡਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਆਵਾਜ਼ ਦੇ ਸੁਣਦਿਆਂ ਬੀ.ਐੱਸ.ਐੱਫ ਦੇ ਜਵਾਨਾਂ ਦੁਆਰਾ ਚੌਕਸੀ ਵਰਤੀ ਗਈ ਅਤੇ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਤੁਰੰਤ ਕਾਰਵਾਈ ਕਰਦਿਆਂ ਉਸ ’ਤੇ ਫਾਇਰ ਕੀਤੇ ਗਏ। ਹਨੇਰੇ ਦਾ ਫਾਇਦਾ ਚੁੱਕਦੇ ਹੋਏ ਉੱਡਣ ਯੋਗ ਵਸਤੂ ਡਰੋਨ ਵਾਪਸ ਚਲਾ ਗਿਆ। ਦਿਨ ਦੀ ਰੋਸ਼ਨੀ ਵਿਚ ਤਲਾਸ਼ੀ ਲਈ ਗਈ ਪਰ ਘਟਨਾ ਸਥਾਨ ਤੋਂ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।