ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਦੇ ਅਸਤੀਫ਼ੇ ਮਗਰੋਂ ਸਿਆਸੀ ਆਗੂਆਂ ਵਲੋਂ ਬਿਆਨਬਾਜ਼ੀ ਵੀ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਵਿਰੋਧੀ ਦੱਸਣ ਵਾਲੇ ਬਿਆਨ ’ਤੇ ਕਾਂਗਰਸ ਨੂੰ ਆਪਣਾ ਰੁਖ ਸਪੱਸ਼ਟ ਕਰਨ ਲਈ ਕਿਹਾ ਹੈ। ਜਾਵਡੇਕਰ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕਿਹਾ,‘‘ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਨੇ ਆਪਣੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦੇਸ਼ਧ੍ਰੋਹੀ ਦੱਸਿਆ ਹੈ। ਇਹ ਬਹੁਤ ਹੀ ਗੰਭੀਰ ਦੋਸ਼ ਹੈ। ਭਾਜਪਾ ਕਾਂਗਰਸ ਤੋਂ ਸਿਰਫ਼ ਇਕ ਹੀ ਸਵਾਲ ਪੁੱਛ ਰਹੀ ਹੈ ਕਿ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਇਸ ’ਤੇ ਚੁੱਪ ਕਿਉਂ ਹਨ?’’ ਉਨ੍ਹਾਂ ਕਿਹਾ,‘‘ਅਸੀਂ ਕਾਂਗਰਸ ਨੂੰ ਇਸ ਮੁੱਦੇ ’ਤੇ ਬੋਲਣ ਅਤੇ ਆਪਣਾ ਪੱਖ ਰੱਖਣ ਦੀ ਮੰਗ ਕਰਦੇ ਹਾਂ। ਕੀ ਕਾਂਗਰਸ ਇਨ੍ਹਾਂ ਦੋਸ਼ਾਂ ’ਤੇ ਨੋਟਿਸ ਲੈ ਕੇ ਕਾਰਵਾਈ ਕਰੇਗੀ?’’
ਦੱਸਣਯੋਗ ਹੈ ਕਿ ਪੰਜਾਬ ਦੀ ਦੋ ਵਾਰ ਕਮਾਨ ਸੰਭਾਲਣ ਵਾਲੇ ਕੈਪਟਨ ਨੇ ਅਸਤੀਫ਼ਾ ਦੇਣ ਮਗਰੋਂ ਕਿਹਾ ਕਿ ਹੁਣ ਪਾਰਟੀ ਆਲਾਕਮਾਨ ਨੂੰ ਮੇਰੇ ’ਤੇ ਭਰੋਸਾ ਨਹੀਂ ਰਿਹਾ ਕਿ ਇਹ ਚੋਣਾਂ ਜਿੱਤ ਸਕਣਗੇ ਜਾਂ ਨਹੀਂ। ਚਾਹੇ ਜੋ ਕੁਝ ਵੀ ਹੋਵੇ ਮੇਰਾ ਬੇਇੱਜ਼ਤੀ ਤਾਂ ਨਹੀਂ ਕਰਨੀ ਚਾਹੀਦੀ ਸੀ। ਕੈਪਟਨ ਦੇ ਅਸਤੀਫ਼ੇ ਮਗਰੋਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਅੱਜ ਸ਼ਾਮ ਤੱਕ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਜਾਵੇਗਾ। ਮੁੱਖ ਮੰਤਰੀ ਦੀ ਦੌੜ ’ਚ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਨੀਲ ਜਾਖੜ ਮਜ਼ਬੂਤ ਦਾਅਵੇਦਾਰ ਹਨ।