ਲੁਧਿਆਣਾ : ਪੰਜਾਬ ਵਿੱਚ ਹੋ ਰਹੀ ਬਾਰਸ਼ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਕ ਦਿਨ ਵਿਚ ਹੀ ਇਕ ਮਹੀਨੇ ਜਿੰਨੀ ਬਾਰਸ਼ ਹੋ ਗਈ ਹੈ। ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਸਤੰਬਰ ਮਹੀਨੇ ਵਿੱਚ ਆਮ ਤੌਰ ‘ਤੇ 101 ਐਮ. ਐਮ. ਦੇ ਕਰੀਬ ਬਾਰਸ਼ ਹੁੰਦੀ ਹੈ ਪਰ ਬੀਤੇ 24 ਘੰਟਿਆਂ ਦੇ ਦੌਰਾਨ ਹੀ 113 ਐਮ. ਐਮ. ਦੇ ਕਰੀਬ ਬਾਰਸ਼ ਹੋ ਗਈ ਹੈ, ਜਿਸ ਨੇ ਇਕ ਦਿਨ ‘ਚ ਹੀ ਸਤੰਬਰ ਮਹੀਨੇ ਦੇ ਰਿਕਾਰਡ ਤੋੜ ਦਿੱਤੇ ਹਨ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 2 ਦਿਨਾਂ ਤੱਕ ਹੋਰ ਬਾਰਸ਼ ਪੈਣ ਦੀ ਸੰਭਾਵਨਾ ਹੈ ਅਤੇ ਸਤੰਬਰ ਮਹੀਨੇ ‘ਚ ਹੀ ਬਾਰਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਦੋਂ ਕਿ ਅਗਸਤ ਮਹੀਨੇ ‘ਚ ਮਾਨਸੂਨ ਕਮਜ਼ੋਰ ਰਿਹਾ। ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਅਗਲੇ 2 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ 15 ਸਤੰਬਰ ਤੱਕ ਮਾਨਸੂਨ ਚਲਾ ਜਾਂਦਾ ਹੈ ਪਰ ਮਾਨਸੂਨ ਜਾਣ ਦੀ ਥਾਂ ਬਾਰਸ਼ਾਂ ਵੱਧ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਆਉਂਦੀ 20 ਸਤੰਬਰ ਤੱਕ ਬਾਰਸ਼ ਦੀ ਸੰਭਾਵਨਾ ਹੈ। ਡਾ. ਪ੍ਰਭਜੋਤ ਨੇ ਕਿਹਾ ਕਿ ਇਹ ਬਾਰਸ਼ ਫਸਲਾਂ ਲਈ ਕੋਈ ਬਹੁਤੀ ਫ਼ਾਇਦੇਮੰਦ ਵੀ ਨਹੀਂ ਹੈ ਅਤੇ ਨੁਕਸਾਨਦੇਹ ਵੀ ਨਹੀਂ ਹੈ ਪਰ ਹਾਂ ਜੇਕਰ 20 ਸਤੰਬਰ ਤੋਂ ਬਾਅਦ ਵੀ ਲਗਾਤਾਰ ਬਾਰਸ਼ ਹੁੰਦੀ ਹੈ ਤਾਂ ਇਸ ਦਾ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ।
ਲੁਧਿਆਣਾ ਵਿੱਚ ਹੋ ਰਹੀ ਬਾਰਸ਼ ਦੇ ਕਾਰਨ ਸਮਾਰਟ ਸਿਟੀ ਦੀ ਪੋਲ ਖੁੱਲ੍ਹਦੀ ਵੀ ਵਿਖਾਈ ਦੇ ਰਹੀ ਹੈ। ਲੁਧਿਆਣਾ ਦੀਆਂ ਸੜਕਾਂ ‘ਤੇ ਪਾਣੀ ਇਸ ਕਦਰ ਇਕੱਠਾ ਹੋ ਗਿਆ, ਜਿਵੇਂ ਕੋਈ ਛੱਪੜ ਹੋਵੇ।