ਆਫ ਦਿ ਰਿਕਾਰਡ : ਕੋਰੋਨਾ ਦਾ ਖ਼ਤਰਾ ਘੱਟ ਹੋਣ ’ਤੇ ਪੀ. ਐੱਮ. ਮੋਦੀ ਨੇ ਕਟਵਾਈ ਦਾੜ੍ਹੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਕਾਰਜਕਾਲ ’ਚ ਪ੍ਰਚਾਰ ਦੌਰਾਨ ਇਕ ਵਾਰ ਇਕ ਪੱਤਰਕਾਰ ਦੇ ਸਾਹਮਣੇ ਸਵੀਕਾਰ ਕੀਤਾ ਸੀ ਕਿ ਸਕੂਲ ’ਚ ਉਨ੍ਹਾਂ ਦਾ ਮਨਪਸੰਦ ਵਿਸ਼ਾ ਨਾਟਕ ਸੀ। ਸ਼ਾਇਦ, ਇਹੀ ਵਜ੍ਹਾ ਹੈ ਕਿ ਉਹ ਅਨੋਖਾ ਕਰਦੇ ਹੋਏ ਵੇਖੇ ਜਾ ਸਕਦੇ ਹਨ। ਲਾਕਡਾਊਨ ਦੌਰਾਨ ਮੋਦੀ ਨੇ ਲੰਮੇ ਵਾਲ ਅਤੇ ਗ਼ੈਰ-ਮਾਮੂਲੀ ਰੂਪ ਨਾਲ ਲੰਮੀ ਦਾੜ੍ਹੀ ਰੱਖੀ ਹੋਈ ਸੀ, ਸ਼ਾਇਦ ਉਨ੍ਹਾਂ ਨੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਨਾਈ ਦਾ ਬਦਲ ਨਹੀਂ ਚੁਣਿਆ।
ਕੁਝ ਲੋਕਾਂ ਨੇ ਮੋਦੀ ਦੇ ਲੁਕ ਦੀ ਤੁਲਨਾ ਸ਼ਿਵਾਜੀ ਮਹਾਰਾਜ ਨਾਲ ਵੀ ਕੀਤੀ
ਇਸ ਦੌਰਾਨ ਕਈ ਲੋਕਾਂ ਨੇ ਕਿਹਾ ਕਿ ਮੋਦੀ ਇਕ ਫਕੀਰ ਦਾ ਰੂਪ ਧਾਰਨ ਕਰ ਕੇ ਇਕ ਤਪੱਸਵੀ ਦਾ ਅਕਸ ਪੇਸ਼ ਕਰਨਾ ਚਾਹੁੰਦੇ ਹਨ, ਜਦੋਂ ਕਿ ਕੁਝ ਹੋਰਾਂ ਨੇ ਕਿਹਾ ਕਿ ਉਹ ਖੁਦ ਨੂੰ ਰਾਸ਼ਟਰ ਸੰਤ ਦੇ ਰੂਪ ’ਚ ਪੇਸ਼ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਰਾਮ ਮੰਦਰ ਲਈ ਰਾਹ ਪੱਧਰਾ ਕੀਤਾ-ਇਕ ਸੱਚਾ ਰਾਮ ਭਗਤ। ਉਥੇ ਹੀ ਦੂਸਰਿਆਂ ਨੇ ਮਹਾਮਾਰੀ ਦੇ ਖ਼ਤਮ ਹੋਣ ਤੱਕ ਆਪਣੀ ਦਾੜ੍ਹੀ ਨਾ ਕੱਟਣ ਦੀ ਵਜ੍ਹਾ ਦੱਸੀ। ਕੁਝ ਲੋਕਾਂ ਨੇ ਮਹਿਸੂਸ ਕੀਤਾ ਕਿ ਪੀ. ਐੱਮ. ਇਕ ਵਿਸ਼ਾਲ ਅਕਸ ਬਦਲਾਅ ਲਈ ਅਜਿਹਾ ਕਰ ਰਹੇ ਹਨ, ਜਦੋਂ ਕਿ ਹੋਰਾਂ ਨੇ ਕਿਹਾ ਕਿ ਉਹ ਖੁਦ ਨੂੰ ਗਾਂਧੀ ਅਤੇ ਰਬਿੰਦਰਨਾਥ ਟੈਗੋਰ ਵਾਂਗ ਵੱਡੇ ਪੱਧਰ ’ਤੇ ਸਥਾਪਿਤ ਕਰ ਰਹੇ ਹਨ। ਕੁਝ ਲੋਕਾਂ ਨੇ ਤਾਂ ਮੋਦੀ ਦੇ ਲੁਕ ਦੀ ਤੁਲਨਾ ਸ਼ਿਵਾਜੀ ਮਹਾਰਾਜ ਨਾਲ ਵੀ ਕਰ ਦਿੱਤੀ ਪਰ ਪੀ. ਐੱਮ. ਨੇ ਉਨ੍ਹਾਂ ਸਾਰਿਆਂ ਨੂੰ ਗਲਤ ਸਾਬਤ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਨੇ ਹੌਲੀ-ਹੌਲੀ ਆਪਣੇ ਲੰਮੇ ਵਾਲ ਅਤੇ ਲੰਮੀ ਦਾੜ੍ਹੀ ਨੂੰ ਕਟਵਾਉਣਾ ਸ਼ੁਰੂ ਕਰ ਦਿੱਤਾ ਹੈ।
ਪੀ. ਐੱਮ. ਦਾ ਨਾਈ ਵਾਪਸ ਆ ਗਿਆ ਹੈ
ਲਾਲ ਕਿਲੇ ਦੀ ਫਸੀਲ ਤੋਂ ਉਨ੍ਹਾਂ ਦੇ 15 ਅਗਸਤ ਦੇ ਭਾਸ਼ਣ ਤੋਂ ਬਾਅਦ ਪੀ. ਐੱਮ. ਨੇ ਦਾੜ੍ਹੀ ਕਟਵਾਈ। 11 ਸਤੰਬਰ ਨੂੰ ਕੋਵਿਡ ਮਹਾਮਾਰੀ ਦੀ ਸਮੀਖਿਆ ਕਰਦੇ ਹੋਏ ਪੀ. ਐੱਮ. ਓ. ਵੱਲੋਂ ਜਾਰੀ ਉਨ੍ਹਾਂ ਦੇ ਨਵੇਂ ਵੀਡੀਓ ਨੂੰ ਨੇੜੇ ਤੋਂ ਦੇਖਣ ’ਤੇ ਉਨ੍ਹਾਂ ਦੀ ਕੱਟੀ ਹੋਈ ਦਾੜ੍ਹੀ ਅਤੇ ਵਾਲ ਸਾਫ਼ ਵਿਖਾਈ ਦੇ ਰਹੇ ਸਨ। ਕੋਵਿਡ ਦਾ ਖ਼ਤਰਾ ਘੱਟ ਹੋਣ ਅਤੇ ਬੰਦਿਸ਼ਾਂ ’ਚ ਢਿੱਲ ਦੇ ਨਾਲ, ਅਜਿਹਾ ਲੱਗਦਾ ਹੈ ਕਿ ਪੀ. ਐੱਮ. ਦਾ ਨਾਈ ਵਾਪਸ ਆ ਗਿਆ ਹੈ। ਮਹਾਮਾਰੀ ਦੌਰਾਨ ਪੀ. ਐੱਮ. ਨੇ ਖੁਦ ਲਈ ਰਸੋਈਏ, ਇਕ ਮਾਲਸ਼ੀਏ ਅਤੇ ਇਕ ਪੀ. ਐੱਮ. ਓ. ਅਧਿਕਾਰੀ (ਪ੍ਰਮੁੱਖ ਸਕੱਤਰ ਨਹੀਂ) ਸਮੇਤ ਸਿਰਫ਼ 4 ਲੋਕਾਂ ਦੀ ਕੰਪਨੀ ਰੱਖੀ ਸੀ।