ਸ਼ਿਮਲਾ— ਰਾਸ਼ਟਰਪਤੀ ਰਾਮਨਾਥ ਕੋਵਿਦ ਹਿਮਾਚਲ ਪ੍ਰਦੇਸ਼ ਦੇ 4 ਦਿਨਾਂ ਦੌਰੇ ’ਤੇ ਵੀਰਵਾਰ ਨੂੰ ਸ਼ਿਮਲਾ ਪਹੁੰਚੇ। ਰਾਜਪਾਲ ਰਾਜਿੰਦਰ ਵਿਸ਼ਵਨਾਥ ਆਰਲੇਕਰ, ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਹੋਰ ਮਾਣਯੋਗ ਸ਼ਖਸੀਅਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਕੋਵਿੰਦ ਸ਼ੁੱਕਰਵਾਰ ਨੂੰ ਸੂਬਾ ਵਿਧਾਨ ਸਭਾ ਦੇ ਇਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਿਤ ਕਰਨਗੇ ਅਤੇ ਸ਼ਨੀਵਾਰ ਨੂੰ ਸ਼ਿਮਲਾ ਵਿਚ ਭਾਰਤੀ ਲੇਖਾ ਪ੍ਰੀਖਿਆ ਅਤੇ ਲੇਖਾ ਸੇਵਾ ਦੇ ਵਿਦਾਇਗੀ ਸਮਾਰੋਹ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ।
ਰਾਸ਼ਟਰਪਤੀ ਸ਼ਿਮਲਾ ਦੇ ਬਾਹਰੀ ਇਲਾਕੇ ਵਿਚ ਸਥਿਤ ਰਾਸ਼ਟਰਪਤੀ ਆਵਾਸ ‘ਦਿ ਰਿਟ੍ਰੀਟ’ ਦੀ ਬਜਾਏ ਚੌੜਾ ਮੈਦਾਨ ਵਿਚ ਸੇਸਿਲ ਹੋਟਲ ’ਚ ਠਹਿਰਣਗੇ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਦਿ ਰਿਟ੍ਰੀਟ ਦੇ 4 ਕਾਮਿਆਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਰਾਸ਼ਟਰਪਤੀ ਹੋਟਲ ’ਚ ਰੁੱਕਣਗੇ। ਰਾਸ਼ਟਰਪਤੀ ਹਿਮਾਚਲ ਪ੍ਰਦੇਸ਼ ਨੂੰ ਸੂਬੇ ਦਾ ਦਰਜਾ ਦਿੱਤੇ ਜਾਣ ਦੀ ਵਰ੍ਹੇਗੰਢ ਮੌਕੇ ਸ਼ੁੱਕਰਵਾਰ ਸਵੇਰੇ 11 ਵਜੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਵੀ ਸੰਬੋਧਿਤ ਕਰਨਗੇ। ਵਿਧਾਨ ਸਭਾ ਸਪੀਕਰ ਵਿਪਿਨ ਸਿੰਘ ਪਰਮਾਰ ਨੇ ਦੱਸਿਆ ਕਿ ਕੋਵਿੰਦ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੂੰ ਸੰਬੋਧਿਤ ਕਰਨ ਵਾਲੇ ਤੀਜੇ ਰਾਸ਼ਟਰਪਤੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਤੱਤਕਾਲੀਨ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ 2003 ’ਚ ਅਤੇ ਪ੍ਰਣਬ ਮੁਖਰਜੀ 2013 ’ਚ ਸੂਬਾ ਵਿਧਾਨ ਸਭਾ ਨੂੰ ਸੰਬੋਧਿਤ ਕਰ ਚੁੱਕੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ 19 ਸਤੰਬਰ ਨੂੰ ਸਵੇਰੇ ਕਰੀਬ 11.15 ’ਤੇ ਦਿੱਲੀ ਲਈ ਰਵਾਨਾ ਹੋਣਗੇ।