ਮੈਨਚੈਸਟਰ – ਇੰਗਲੈਂਡ ਦੇ ਸਾਬਕਾ ਕ੍ਰਿਕਟਰ ਪਾਲ ਨਿਊਮਨ ਨੇ ਕੋਵਿਡ-19 ਦੇ ਡਰ ਤੋਂ ਮੈਨਚੈਸਟਰ ਟੈੱਸਟ ਮੈਚ ਰੱਦ ਹੋਣ ਦੇ ਬਾਅਦ ਭਾਰਤੀ ਕ੍ਰਿਕਟਰਾਂ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਆਲੋਚਨਾ ਕੀਤੀ ਹੈ। ਉਸ ਨੇ ਕਿਹਾ ਕਿ ਭਾਰਤ ਨੇ ਇਸ ਸੀਰੀਜ਼ ਦਾ ਸਨਮਾਨ ਨਹੀਂ ਕੀਤਾ ਅਤੇ ਉਨ੍ਹਾਂ ਨੇ ਚੌਥੇ ਟੈੱਸਟ ਤੋਂ ਪਹਿਲਾਂ ਕੋਵਿਡ ਸਬੰਧੀ ਹਿਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰਵੀ ਸ਼ਾਸਤਰੀ ਦੀ ਕਿਤਾਬ ਦੀ ਘੁੰਡਚੁਕਾਈ ਮੌਕੇ ਵੀ 200 ਮਹਿਮਾਨਾਂ ਦੀ ਹਾਜ਼ਰੀ ‘ਚ ਸ਼ਿਰਕਤ ਕੀਤੀ। ਭਾਰਤੀ ਟੀਮ ਦੇ ਸਹਾਇਕ ਫ਼ਿਜ਼ੀਓ ਯੋਗੇਸ਼ ਪਰਮਾਰ ਆਖ਼ਰੀ ਟੈੱਸਟ ਦੀ ਪੂਰਬਲੀ ਸ਼ਾਮ ਨੂੰ ਕੋਵਿਡ-19 ਪੌਜ਼ੇਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਨੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਅਤੇ ਆਖ਼ਰਕਾਰ ਮੈਚ ਰੱਦ ਹੋ ਗਿਆ।
ਨਿਊਮਨ ਨੇ ਕਿਹਾ, ”ਸੀਰੀਜ਼ ਦੇ ਫ਼ੈਸਲਾਕੁਨ ਮੈਚ ਨੂੰ ਰੱਦ ਕਰਨਾ ਕੋਈ ਰਸਤਾ ਨਹੀਂ ਹੁੰਦਾ, ਪਰ ਭਾਰਤ ਦੇ ਵਧੇਰੇ ਖਿਡਾਰੀ ਕ੍ਰਿਕਟ ਦੇ ਸਭ ਤੋਂ ਅਮੀਰ ਟੂਰਨਾਮੈਂਟ ਦੀ ਬਹਾਲੀ ਬਾਅਦ ਦੁਬਈ ‘ਚ ਜਾ ਕੇ ਖੇਡਣ ਲਈ ਵਧੇਰੇ ਉਤਾਵਲੇ ਸਨ ਅਤੇ ਪੰਜਵਾਂ ਮੈਚ ਖੇਡ ਕੇ ਰਿਸਕ ਨਹੀਂ ਸਨ ਲੈਣਾ ਚਾਹੁੰਦੇ।”ਸਾਬਕਾ ਇੰਗਲਿਸ਼ ਤੇਜ਼ ਗੇਂਦਬਾਜ਼ ਨਿਊਮਨ ਨੇ ਆਪਣੇ ਇੱਕ ਕਾਲਮ ‘ਚ ਲਿਖਿਆ, IPL ਕਰਾਰ ਵਾਲਾ ਕੋਈ ਵੀ ਭਾਰਤੀ ਖਿਡਾਰੀ ਇਸ ਟੈੱਸਟ ‘ਚ ਖੇਡਣ ਦਾ ਜੋਖ਼ਮ ਨਹੀਂ ਸੀ ਉਠਾਉਣਾ ਚਾਹੁੰਦਾ ਕਿਉਂਕਿ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਹੋਰ 10 ਦਿਨਾਂ ਲਈ ਇੰਗਲੈਂਡ ‘ਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਅਤੇ 19 ਸਤੰਬਰ ਨੂੰ UAE (ਸੰਯੁਕਤ ਅਰਬ ਅਮੀਰਾਤ) ‘ਚ ਟੂਰਨਾਮੈਂਟ ਨੂੰ ਫ਼ਿਰ ਤੋਂ ਸ਼ੁਰੂ ਕਰਨ ਤੋਂ ਖੁੰਝਣਾ ਪੈਂਦਾ। ਇਸ ਲਈ ਮੈਂ ਇਹ ਕਹਿਣਾ ਚਾਹਾਂਗਾ ਕਿ ਭਾਰਤ ਨੇ ਇਸ ਹਥਲੀ ਸੀਰੀਜ਼ ਦਾ ਸਨਮਾਨ ਨਹੀਂ ਕੀਤਾ ਅਤੇ ਉਸ ਨੂੰ UAE ‘ਚ ਖੇਡਣ ਦੀ ਵਧੇਰੇ ਚਾਹ ਸੀ ਜਿੱਥੋਂ ਬਹੁਤ ਸਾਰਾ ਪੈਸਾ ਮਿਲਦੈ।”