ਇਸਲਾਮਾਬਾਦ : ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 66 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਦੇਸ਼ ਵਿਚ ਇਸ ਜਾਨਲੇਵਾ ਬੀਮਾਰੀ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ ਵੱਧ ਕੇ 27,004 ਤੱਕ ਪਹੁੰਚ ਗਿਆ ਹੈ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਐੱਨ.ਸੀ.ਓ.ਸੀ. ਮੁਤਾਬਕ ਪਿਛਲੇ 24 ਘੰਟਿਆਂ ਵਿਚ 56,778 ਲੋਕਾਂ ਦੀ ਕੋਰੋਨਾ ਜਾਂਚ ਦੇ ਬਾਅਦ 3,012 ਨਵੇਂ ਮਾਮਲੇ ਸਾਹਮਣੇ ਆਏ ਹਨ। ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਸੰਖਿਆ ਵੱਧ ਕੇ 12,15,821 ਹੋ ਗਈ ਹੈ। ਕੋਰੋਨਾ ਪਾਜ਼ੇਟਿਵ ਦਰ 5.3 ਫ਼ੀਸਦੀ ਹੈ। ਇਸ ਦੌਰਾਨ ਪਾਕਿਸਤਾਨ ਦੇ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 1,295 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 28 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਬਾਅਦ ਖ਼ੈਬਰ ਪਖ਼ਤੂਨਖਵਾ ਵਿਚ 543 ਨਵੇਂ ਮਾਮਲੇ ਅਤੇ 19 ਲੋਕਾਂ ਦੀ ਮੌਤ, ਸਿੰਧ ਵਿਚ 838 ਨਵੇਂ ਮਾਮਲੇ ਅਤੇ 18 ਲੋਕਾਂ ਦੀ ਮੌਤ, ਇਸਲਾਮਾਬਾਦ ਵਿਚ 256 ਨਵੇਂ ਮਾਮਲੇ ਅਤੇ 1 ਵਿਅਕਤੀ ਦੀ ਮੌਤ ਹੋਈ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 61 ਨਵੇਂ ਮਾਮਲੇ, ਬਲੂਚਿਸਤਾਨ ਵਿਚ 13 ਅਤੇ ਗਿਲਗਿਤ ਬਾਲਤਿਸਤਾਨ ਵਿਚ 6 ਮਾਮਲੇ ਦਰਜ ਕੀਤੇ ਗਏ ਹਨ।