ਸਾਨੂੰ ਸਾਰਿਆਂ ਨੂੰ ਸਿਰ ਧਰਣ ਲਈ ਇੱਕ ਮੋਢਾ ਦਰਕਾਰ ਹੁੰਦੈ, ਕੋਈ ਅਜਿਹਾ ਵਿਅਕਤੀ ਜਿਹੜਾ ਲੋੜ ਪੈਣ ‘ਤੇ ਹਮੇਸ਼ਾ ਸਾਡੇ ਲਈ ਮੌਜੂਦ ਹੋਵੇ। ਅਸੀਂ ਵੀ ਬਦਲੇ ‘ਚ ਉਨ੍ਹਾਂ ਨੂੰ ਉਸੇ ਪੱਧਰ ਦੀ ਹਮਾਇਤ ਦੇਣ ਦੇ ਖ਼ਿਆਲ ਨੂੰ ਪਸੰਦ ਕਰਦੇ ਹਾਂ ਅਤੇ ਤਤਪਰ ਵੀ ਰਹਿੰਦੇ ਹਾਂ। ਇਹ ਤਾਂ ਇੱਕ ਵਾਜਿਬ ਅਦਾਨ-ਪ੍ਰਦਾਨ ਵਾਂਗ ਜਾਪਦੈ। ਥੋੜ੍ਹਾ ਦੇਣਾ, ਥੋੜ੍ਹਾ ਲੈਣਾ। ਜਦੋਂ ਤਕ ਇਸ ਪ੍ਰਕਿਰਿਆ ਦੇ ਅਨੁਪਾਤ ਮੁਨਾਸਿਬ ਤੌਰ ‘ਤੇ ਸੰਤੁਲਿਤ ਹੋਣ, ਸਭ ਕੁੱਝ ਠੀਕ ਰਹਿੰਦੈ। ਓਦੋਂ ਨਹੀਂ, ਜਦੋਂ ਇੰਝ ਲੱਗੇ ਕਿ ਉਸ ਪ੍ਰਕਿਰਿਆ ਦੇ ਦੂਸਰੇ ਸਿਰੇ ‘ਤੇ ਕੋਈ ਹੈ ਹੀ ਨਹੀਂ – ਜਾਂ ਜਿਹੜਾ ਵਿਅਕਤੀ ਉਸ ਪਾਸੇ ਹੈ, ਉਸ ਦਾ ਸਰੋਕਾਰ ਕੇਵਲ ਲੈਣ ਨਾਲ ਹੀ ਹੈ ਅਤੇ ਦੇਣ ਬਾਰੇ ਉਸ ਨੂੰ ਕੁੱਝ ਵੀ ਪਤਾ ਨਹੀਂ। ਇਹ ਤਵਾਜ਼ਨ ਛੇਤੀ ਹੀ ਤੁਹਾਡੇ ਹੱਕ ‘ਚ ਝੁਕ ਸਕਦੈ, ਪਰ ਤਾਂ ਹੀ ਜੇਕਰ ਤੁਸੀਂ ਹਿੰਮਤ ਨਾ ਹਾਰੀ!

ਅਕਸਰ, ਅਸੀਂ ਆਪਣੀਆਂ ਜ਼ਿੰਦਗੀਆਂ ਸਰਲ ਅਤੇ ਤਾਰੀਫ਼ਯੋਗ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਫ਼ਿਰ ਵੀ ਅਸੀਂ ਖ਼ੁਦ ਨੂੰ ਅਣਉਚਿਤ ਇੱਛਾਵਾਂ ਅਤੇ ਸਮਝ ਤੋਂ ਬਾਹਰੀਆਂ ਲਾਲਸਾਵਾਂ ਦੇ ਭਾਰ ਹੇਠ ਦੱਬੇ ਹੋਏ ਪਾਉਂਦੇ ਹਾਂ। ਅਸੀਂ ਉਹ ਚੀਜ਼ਾਂ ਕਰਨੀਆਂ ਚਾਹੁੰਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਪਤਾ ਹੁੰਦੈ ਕਿ ਉਨ੍ਹਾਂ ਨੂੰ ਕਰਨਾ ਸਾਡੀ ਨਾਸਮਝੀ ਹੋਵੇਗੀ। ਅਸੀਂ ਅਜਿਹੀਆਂ ਸਥਿਤੀਆਂ ‘ਚ ਸ਼ਾਮਿਲ ਹੋ ਜਾਂਦੇ ਹਾਂ ਜਿਨ੍ਹਾਂ ਤੋਂ ਸਾਨੂੰ ਕੋਹਾਂ ਦੂਰ ਰਹਿਣਾ ਚਾਹੀਦਾ ਸੀ। ਫ਼ਿਰ ਅਸੀਂ ਹੈਰਾਨ ਹੁੰਦੇ ਹਾਂ ਕਿ ਅਸੀਂ ਆਪਣੇ ਆਪ ਨਾਲ ਇਹ ਹੋਣ ਕਿਵੇਂ ਦਿੱਤਾ, ਅਤੇ ਚਿੰਤਾ ਕਰਦੇ ਹਾਂ ਕਿ ਅਸੀਂ ਆਪਣੀਆਂ ਉਨ੍ਹਾਂ ਚੋਣਾਂ ਦੇ ਨਤੀਜਿਆਂ ਨਾਲ ਕਿਵੇਂ ਨਜਿੱਠਾਂਗੇ। ਭਵਿੱਖ ਦੀਆਂ ਘਟਨਾਵਾਂ ਤੁਹਾਡੀ ਇਹ ਸਮਝਣ ‘ਚ ਸਹਾਇਤਾ ਕਰਨਗੀਆਂ ਕਿ ਕੋਈ ਮਸਲਾ ਹੋਂਦ ‘ਚ ਆਇਆ ਕਿਵੇਂ ਸੀ। ਉਹ ਉਸ ਬਾਰੇ ਬਹੁਤ ਹੀ ਸੌਖਾ ਹੱਲ ਲੱਭਣ ‘ਚ ਵੀ ਤੁਹਾਡੀ ਮਦਦ ਕਰਨਗੀਆਂ।

ਤੁਸੀਂ ਸੋਚਦੇ ਹੋਵੋਗੇ ਕਿ ਜੇਕਰ ਲੋਕ ਉਸ ਚੀਜ਼ ਨੂੰ ਹਾਸਿਲ ਨਹੀਂ ਕਰ ਸਕਦੇ ਜਿਹੜੀ ਉਹ ਚਾਹੁੰਦੇ ਹਨ ਤਾਂ ਉਹ ਉਸ ਚੀਜ਼ ਨੂੰ ਚਾਹੁਣਾ ਸਿੱਖ ਜਾਣਗੇ ਜਿਹੜੀ ਉਹ ਹਾਸਿਲ ਕਰ ਸਕਦੇ ਹਨ। ਜੇ ਦੇਖਿਆ ਜਾਵੇ ਤਾਂ ਇਹ ਸਾਰੀਆਂ ਸਥਿਤੀਆਂ ‘ਚ ਹੀ ਇੱਕ ਤਰਕਸ਼ੀਲ ਰਣਨੀਤੀ ਹੋਣੀ ਚਾਹੀਦੀ ਹੈ, ਦੁਨਿਆਵੀ ਅਤੇ ਭਾਵਨਾਮਕ ਦੋਹਾਂ ‘ਚ ਇੱਕੋ ਜਿੰਨੀ। ਪਰ ਹੈਰਾਨੀ ਦੀ ਗੱਲ ਹੈ, ਸਾਡੇ ‘ਚੋਂ ਕੁੱਝ ਉਨ੍ਹਾਂ ਚੀਜ਼ਾਂ ‘ਚ ਵਧੇਰੇ ਦਿਲਚਸਪੀ ਰੱਖਦੇ ਹਨ ਜਿਹੜੀਆਂ ਸ਼ਾਇਦ ਅਸੀਂ ਕਦੇ ਵੀ ਨਾ ਹਾਸਿਲ ਕਰਨਾ ਚਾਹੀਏ। ਸੰਭਵ ਹੈ, ਜੇਕਰ ਸਾਡੀ ਸਫ਼ਲਤਾ ਫ਼ੌਰੀ ਤੌਰ ‘ਤੇ ਸਾਡੇ ਲਈ ਕੇਵਲ ਮਾਯੂਸੀ ਲੈ ਕੇ ਆਵੇ ਤਾਂ ਇਹ ਕਿਸੇ ਨਾ ਕਿਸੇ ਤਰੀਕੇ ਸਾਨੂੰ ਉਸ ਚੀਜ਼ ਨੂੰ ਹਾਸਿਲ ਕਰਨ ਦੇ ਅਸਮਰਥ ਕਰ ਦਿੰਦੈ ਜਿਹੜੀ ਅਸੀਂ ਸੱਚਮੁੱਚ ਚਾਹੁੰਦੇ ਹਾਂ। ਪਰ ਤੁਹਾਡਾ ਦਿਲ ਉਸ ਸ਼ੈਅ ਨੂੰ ਹਾਸਿਲ ਕਰ ਸਕਦੈ ਜਿਹੜੀ ਉਹ ਚਾਹੁੰਦੈ – ਜਿੰਨਾ ਚਿਰ ਤੁਹਾਡੇ ਸ਼ਰੀਰ ਦਾ ਬਾਕੀ ਦਾ ਹਿੱਸਾ ਵੀ ਉਸੇ ਨੂੰ ਹਾਸਿਲ ਕਰਨਾ ਚਾਹੇ।

ਵਪਾਰ ‘ਚ, ਲੋਕਾਂ ਨੂੰ ਕਾਰੋਬਾਰੀ ਬਣਨਾ ਪੈਂਦੈ। ਉਨ੍ਹਾਂ ਦੇ ਮਨਾਂ ‘ਚ ਆਪਣੇ ਸਹਿ-ਕਰਮਚਾਰੀਆਂ ਅਤੇ ਸਾਥੀਆਂ ਪ੍ਰਤੀ ਚਾਹੇ ਬਹੁਤ ਹੀ ਨਿੱਘੀਆਂ ਭਾਵਨਾਵਾਂ ਕਿਉਂ ਨਾ ਹੋਣ, ਉਨ੍ਹਾਂ ਨੂੰ ਇਨ੍ਹਾਂ ਭਾਵਨਾਵਾਂ ਨੂੰ ਹਮੇਸ਼ਾ ਸੂਝਵਾਨ, ਵਿਹਾਰਕ ਫ਼ੈਸਲੇ ਲੈਣ ਦੀ ਲੋੜ ਦੀ ਤਕੜੀ ‘ਚ ਤੋਲ ਕੇ ਦੇਖਣਾ ਪੈਂਦੈ। ਪਰ ਭਾਵਨਾਤਮਕ ਸ਼ਮੂਲੀਅਤਾਂ ਨੂੰ ਵਪਾਰਕ ਲੀਹਾਂ ‘ਤੇ ਨਹੀਂ ਚਲਾਇਆ ਜਾ ਸਕਦਾ। ਪ੍ਰਤੱਖ ਹੈ, ਅੰਤ ਨੂੰ, ਜੇਕਰ ਕੋਈ ਭਾਈਵਾਲੀ ਕੇਵਲ ਨੁਕਸਾਨ ਹੀ ਉਪਜਣ ਲੱਗੇ ਅਤੇ ਨਫ਼ਾ ਉਸ ‘ਚ ਕੌਡੀ ਦਾ ਵੀ ਨਾ ਹੋਵੇ, ਸਬੰਧ ਵਿਛੇਦ ਤਾਂ ਜ਼ਰੂਰੀ ਹੋ ਜਾਂਦੈ। ਪਰ ਤੁਹਾਡੀਆਂ ਸਭ ਤੋਂ ਮਹੱਤਵਪੂਰਨ ਚੋਣਾਂ ਉਸ ‘ਤੇ ਆਧਾਰਿਤ ਹੋਣੀਆਂ ਚਾਹੀਦੀਆਂ ਹਨ ਜੋ ਤੁਹਾਡੇ ਦਿਲ ‘ਚ ਹੈ, ਨਾ ਕਿ ਸਿਰਫ਼ ਉਸ ‘ਤੇ ਜੋ ਤੁਹਾਡੇ ਦਿਮਾਗ਼ ‘ਚ ਚੱਲ ਰਿਹੈ।

ਕਈ ਵਾਰ, ਸਾਡੇ ਦਿਲ ‘ਚ ਕੋਈ ਭਾਵਨਾ ਪੈਦਾ ਹੋ ਜਾਂਦੀ ਹੈ। ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਅੰਦਰ ਉਹ ਪਨਪੀ ਕਿਵੇਂ; ਅਸੀਂ ਕੇਵਲ ਉਸ ਨੂੰ ਮਹਿਸੂਸ ਕਰਦੇ ਹਾਂ। ਇਸ ਨਾਲ ਫ਼ਿਰ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਖ਼ੁਦ ਨੂੰ ਕਿੰਨਾ ਸਮਝਾਈਏ ਕਿ ਸਾਨੂੰ ਉਹ ਮਹਿਸੂਸ ਕਰਨ ਦੀ ਲੋੜ ਨਹੀਂ ਜਾਂ ਸਾਨੂੰ ਉਹ ਮਹਿਸੂਸ ਨਹੀਂ ਕਰਨੀ ਚਾਹੀਦੀ। ਇਹ ਉਸ ਹਾਲਤ ‘ਚ ਤਾਂ ਠੀਕ ਹੈ ਜਦੋਂ ਅਸੀਂ ਜੋ ਮਹਿਸੂਸ ਕਰ ਰਹੇ ਹਾਂ ਉਹ ਚੰਗਾ ਹੈ, ਪਰ ਓਦੋਂ ਨਹੀਂ ਜਦੋਂ ਉਹ ਗੁੱਸਾ, ਡਰ ਜਾਂ ਪਛਤਾਵਾ ਹੋਵੇ। ਜੇਕਰ ਅਜਿਹੀਆਂ ਭਾਵਨਾਵਾਂ ‘ਤੇ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਤਾਂ ਇਨ੍ਹਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਦਬਾਇਆ ਜ਼ਰੂਰ ਜਾਣਾ ਚਾਹੀਦੈ। ਕੇਵਲ ਇੱਕ ਹੀ ਮੂਡ ਹੈ ਜਿਸ ਦਾ ਮੁਕਾਬਲਾ ਸਾਨੂੰ ਆਪਣੀ ਪੂਰੀ ਵਾਹ ਲਗਾ ਕੇ ਕਰਨਾ ਚਾਹੀਦੈ, ਅਤੇ ਉਹ ਹੈ ਨਾਰਾਜ਼ਗੀ। ਇਹੀ ਕੇਵਲ ਉਹ ਹੈ ਜਿਸ ਨੂੰ ਤੁਸੀਂ ਹਮੇਸ਼ਾ ਚੁਣੌਤੀ ਦੇ ਸਕਦੇ ਹੋ ਜੇਕਰ ਤੁਸੀਂ ਕੋਸ਼ਿਸ਼ ਕਰੋ। ਇਸ ਨੂੰ ਆਪਣੇ ਉੱਪਰ ਕਾਬਜ਼ ਨਾ ਹੋਣ ਦਿਓ।