ਨਵੀਂ ਦਿੱਲੀ – ਦਿੱਲੀ ਕੈਪੀਟਲਜ਼ ਦੇ ਤਜਰਬੇਕਾਰ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਕਿ ਰੈਗੂਲਰ ਕਪਤਾਨ ਸ਼੍ਰੇਅਸ ਅਈਅਰ ਦੀ ਵਾਪਸੀ ਨਾਲ ਟੀਮ ਹੋਰ ਮਜ਼ਬੂਤ ਹੋਵੇਗੀ ਜਿਸ ਨਾਲ ਟੀਮ ਇੰਡੀਅਨ ਪ੍ਰੀਮੀਅਰ ਲੀਗ (IPLL) ‘ਚ ਆਪਣੀ ਮੁਹਿੰਮ ਨੂੰ ਸ਼ਾਨਦਾਰ ਤਰੀਕੇ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗੀ। IPLL 2021 ਦੇ ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ‘ਚ ਕਈ ਫ਼ਰੈਂਚਾਈਜ਼ੀਆਂ ਦੇ ਖਿਡਾਰੀਆਂ ਅਤੇ ਸਹਿਯੋਗੀ ਮੈਂਬਰਾਂ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਲੀਗ ਨੂੰ ਮੁਲਤਵੀ ਕਰ ਦਿੱਤੀ ਗਈ ਸੀ। ਲੀਗ ਦਾ ਦੂਜਾ ਗੇੜ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (UAE) ‘ਚ ਕਰਵਾਇਆ ਜਾਵੇਗਾ।
ਧਵਨ ਨੇ ਕਿਹਾ ਕਿ ਅਸੀਂ ਲੀਗ ਦੇ ਪਹਿਲੇ ਗੇੜ ‘ਚ ਸ਼ਾਨਦਾਰ ਲੈਅ ‘ਚ ਸੀ, ਪਰ ਉਸ ਦੇ ਮੁਲਤਵੀ ਹੁੰਦੇ ਹੀ ਲੈਅ ਟੁੱਟ ਗਈ। ਇਸ ਕਾਰਨ ਸਾਨੂੰ ਮੁੜ ਤੋਂ ਲੈਅ ਹਾਸਿਲ ਕਰਨ ਲਈ ਮਿਹਨਤ ਕਰਨੀ ਪਵੇਗੀ। ਚੰਗੀ ਗੱਲ ਇਹ ਹੈ ਕਿ ਟੀਮ ਦਾ ਸੰਤੁਲਨ ਚੰਗਾ ਹੈ ਅਤੇ ਸ਼੍ਰੇਅਸ ਅਈਅਰ ਦੀ ਵਾਪਸੀ ਨਾਲ ਉਹ ਹੋਰ ਮਜ਼ਬੂਤ ਹੋਈ ਹੈ। ਅਈਅਰ ਜ਼ਖ਼ਮੀ ਹੋਣ ਕਾਰਨ ਲੀਗ ਦੇ ਪਹਿਲੇ ਗੇੜ ਦਾ ਹਿੱਸਾ ਨਹੀਂ ਸੀ ਬਣ ਸਕਿਆ। ਉਸ ਨੂੰ ਇਹ ਸੱਟ ਮਾਰਚ ‘ਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਗਈ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਲੱਗੀ ਸੀ।
ਮੌਜੂਦਾ ਸੈਸ਼ਨ ‘ਚ ਹੁਣ ਤਕ ਦੇ ਚੋਟੀ ਦੇ ਸਕੋਰਰ ਧਵਨ ਨੇ ਕਿਹਾ ਕਿ ਟੀਮ ਦਾ ਧਿਆਨ ਲੀਗ ਦੇ ਦੂਜੇ ਗੇੜ ‘ਚ ਸਨਰਾਈਜਰਜ਼ ਹੈਦਰਾਬਾਦ ਸ਼ੁਰੂਆਤੀ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ‘ਤੇ ਹੈ। ਸੈਸ਼ਨ ਦੇ ਅੱਠ ਮੈਚਾਂ ‘ਚ ਤਿੰਨ ਅਰਧ ਸੈਂਕੜਿਆਂ ਨਾਲ 380 ਦੌੜਾਂ ਬਣਾਉਣ ਵਾਲੇ ਇਸ 35 ਸਾਲ ਦੇ ਖੱਬੇ ਹੱਥ ਦੇ ਬੱਲੇਬਾਜ਼ ਨੇ ਕਿਹਾ, ”ਲੈਅ ਹਾਸਿਲ ਕਰਨਾ ਬਹੁਤ ਚੰਗਾ ਹੈ। ਟੀਮ ਅੰਦਰ ਬਿਹਤਰ ਮਾਹੌਲ ਹੈ। ਸਾਰੇ ਖਿਡਾਰੀ ਬਹੁਤ ਮਿਹਨਤ ਕਰ ਰਹੇ ਹਨ ਅਤੇ ਮੈਂ IPLL ਸੈਸ਼ਨ ਦੇ ਮੁੜ ਤੋਂ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਮੈਂ ਅਗਲੇ ਮੈਚ ਖੇਡਣ ਲਈ ਬਹੁਤ ਉਤਸ਼ਾਹਤ ਹਾਂ। ਸਾਡੇ ਲਈ ਇਹ ਕਾਫ਼ੀ ਜ਼ਰੂਰੀ ਹੈ ਕਿ ਅਸੀਂ ਚੰਗੀ ਸ਼ੁਰੂਆਤ ਕਰੀਏ। ਸਾਨੂੰ ਪਹਿਲੇ ਮੈਚ ਤੋਂ ਹੀ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ ਤੇ ਇਸ ਲਈ ਅਸੀਂ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਆਪਣੇ ਪਹਿਲੇ ਮੈਚ ਲਈ ਕਾਫ਼ੀ ਮਿਹਨਤ ਕਰ ਰਹੇ ਹਾਂ। ਸਾਨੂੰ ਮੈਚਾਂ ਦੌਰਾਨ ਆਪਣੀ ਸਖ਼ਤ ਮਿਹਨਤ ਨੂੰ ਮੈਦਾਨ ‘ਚ ਉਤਾਰਨ ਦੇ ਨਾਲ ਚੰਗਾ ਨਤੀਜਾ ਹਾਸਿਲ ਕਰਨਾ ਪਵੇਗਾ। ਪਿਛਲੇ ਸਾਲ ਦੀ ਉੱਪ ਜੇਤੂ ਦਿੱਲੀ ਕੈਪੀਟਲਜ਼ ਦਾ 22 ਸਤੰਬਰ ਨੂੰ ਸਨਰਾਈਜਰਜ਼ ਹੈਦਰਾਬਾਦ ਨਾਲ ਮੁਕਾਬਲਾ ਹੋਵੇਗਾ।