ਸ੍ਰੀ ਆਨੰਦਪੁਰ ਸਾਹਿਬ – ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਦਾ ਸੰਬੰਧ ਸੌਦਾ ਸਾਧ ਨਾਲ ਹੈ, ਜਿਸ ਬਾਰੇ ਅਜੇ ਪੁਲਸ ਨੇ ਦੱਸਣਾ ਹੈ ਪਰ ਸਾਡੇ ਜਥੇਬੰਦੀਆਂ ਵੱਲੋਂ ਵੀ ਉਸ ਦਾ ਪਿਛੋਕੜ ਜਾਣਿਆ ਗਿਆ ਹੈ। ਉਸ ਦੋਸ਼ੀ ਦਾ ਪਿਤਾ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਸ ਦਾ ਪਿਤਾ ਸੌਦਾ ਸਾਧ ਦੇ ਪ੍ਰਬੰਧਕੀ ਕਮੇਟੀ ਦਾ ਮੈਂਬਰ ਵੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਰ ਗਰਮਦਲੀਆਂ ਨੂੰ ਆਖਿਆ ਕਿ ਉਹ ਕੇਸਗੜ੍ਹ ਸਾਹਿਬ ਵਿਖੇ ਧਰਨਾ ਦੇਣ ਦੀ ਬਜਾਏ ਜ਼ਿਲ੍ਹਾ ਰੂਪਨਗਰ ਦੇ ਐੱਸ. ਐੱਸ. ਪੀ. ਮੂਹਰੇ ਗੁਹਾਰ ਲਾਉਣ। ਉਨ੍ਹਾਂ ਕਿਹਾ ਕਿ ਸੰਗਤਾਂ ਇਥੇ ਡੇਰਾ ਲਗਾਉਣ ਦੀ ਬਜਾਏ ਐੱਸ. ਐੱਸ. ਪੀ. ਰੂਪਨਗਰ ਦਾ ਸਿਰ ਪਾੜਨ। ਦੂਜੇ ਪਾਸੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਸੇਵਾਦਾਰਾਂ ਨੇ ਦੋਸ਼ੀ ਨੂੰ ਫੜਿਆ ਤਾਂ ਸਾਡੇ ਸੇਵਾਦਾਰਾਂ ਦੀ ਸ਼ਾਬਾਸ਼ ਹੈ ਅਤੇ ਉਨ੍ਹਾਂ ਨੂੰ ਹੌਸਲਾ ਅਫ਼ਜ਼ਾਈ ਹੈ ਕਿ ਉਨ੍ਹਾਂ ਨੇ ਆਪਣੀ ਬਹਾਦਰੀ ਵਿਖਾਉਂਦੇ ਹੋਏ ਦੋਸ਼ੀ ਨੂੰ ਦਬੋਚ ਲਿਆ।
ਬਾਅਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਉਹ ਇਸ ਬੇਅਦਬੀ ਕਾਂਡ ਦੀ ਡੂੰਘਾਈ ਤੱਕ ਜਾਂਚ ਕਰਨ ਤਾਂਕੀ ਇਹੋ ਜਿਹੀਆਂ ਹੋ ਰਹੀਆਂ ਬੇਅਦਬੀਆਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਸਾਡੇ ਜਥੇਬੰਦੀਆਂ ਦਾ ਕੰਮ ਸਿਰਫ਼ ਪੁਲਸ ਕੋਲ ਫੜਾਉਣਆ ਹੈ, ਉਸ ਦੋਸ਼ੀ ਦੇ ਪਿੱਛੇ ਹੱਥ ਕੀ ਹੈ, ਹੱਥ ਕਿਸ ਦਾ ਹੈ, ਇਸ ਦੀ ਜਾਂਚ ਕਰਨਾ ਪੁਲਸ ਅਤੇ ਹੋਰ ਏਜੰਸੀਆਂ ਦਾ ਕੰਮ ਹੈ।