ਕੈਨੇਡਾ ‘ਚ ਕੋਵਿਡ-19 ਦਾ ਕਹਿਰ, ਕੇਸਾਂ ਦੀ ਗਿਣਤੀ 1.55 ਮਿਲੀਅਨ ਤੋਂ ਪਾਰ

ਓਟਾਵਾ : ਕੈਨੇਡਾ ਵਿੱਚ ਕੋਵਿਡ-19 ਨਾਲ ਸਬੰਧਤ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕੈਨੇਡਾ ਵਿਚ 3,955 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇੱਥੇ ਕੁੱਲ ਮਾਮਲਿਆਂ ਦੀ ਗਿਣਤੀ 1,555,121 ਹੋ ਗਈ ਹੈ। ਕੋਵਿਡ ਇਨਫੈਕਸ਼ਨ ਨਾਲ ਕੈਨੇਡਾ ਵਿਚ ਹੁਣ ਤੱਕ 27,262 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਮੀਡੀਆ ਨੇ ਜਾਣਕਾਰੀ ਦਿੱਤੀ ਕਿ 1 ਸਤੰਬਰ ਨੂੰ ਕੈਨੇਡਾ ਦੇ ਕੁੱਲ ਕੋਵਿਡ-19 ਕੇਸ 1.5 ਮਿਲੀਅਨ ਨੂੰ ਪਾਰ ਕਰ ਗਏ।
ਇਸ ਦੌਰਾਨ 4.4 ਮਿਲੀਅਨ ਦੀ ਆਬਾਦੀ ਵਾਲੇ ਅਲਬਰਟਾ ਸੂਬੇ ਵਿੱਚ, ਮੰਗਲਵਾਰ ਨੂੰ 1,434 ਨਵੇਂ ਕੇਸ ਅਤੇ ਨੌ ਮੌਤਾਂ ਹੋਈਆਂ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੂਬੇ ਵਿੱਚ ਹੁਣ 18,265 ਐਕਟਿਵ ਮਾਮਲੇ ਅਤੇ ਆਈ.ਸੀ.ਯੂ. ਵਿਚ ਦਾਖਲ 212 ਮਰੀਜ਼ਾਂ ਸਮੇਤ 822 ਹਸਪਤਾਲ ਵਿੱਚ ਦਾਖਲ ਹਨ। ਅਲਬਰਟਾ ਦੀ ਮੁੱਖ ਸਿਹਤ ਅਧਿਕਾਰੀ ਦੀਨਾ ਹਿਨਸ਼ਾ ਨੇ ਟਵਿੱਟਰ ‘ਤੇ ਕਿਹਾ ਕਿ ਆਈ.ਸੀ.ਯੂ. ਵਿਚ ਦਾਖਲ 90 ਪ੍ਰਤੀਸ਼ਤ ਤੋਂ ਵੱਧ ਮਰੀਜ਼ ਜਾਂ ਤਾਂ ਬਿਨਾਂ ਟੀਕਾਕਰਣ ਜਾਂ ਅੰਸ਼ਕ ਤੌਰ’ ਤੇ ਟੀਕਾਕਰਣ ਵਾਲੇ ਹਨ।
ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿੱਚ ਮੰਗਲਵਾਰ ਨੂੰ ਸੱਤ ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਇਸ ਦੀ ਕੁੱਲ ਮੌਤਾਂ ਦੀ ਗਿਣਤੀ 9,624 ਹੋ ਗਈ। 8 ਮਿਲੀਅਨ ਤੋਂ ਵੱਧ ਲੋਕਾਂ ਦੇ ਨਾਲ ਇੱਕ ਹੋਰ ਆਬਾਦੀ ਵਾਲੇ ਸੂਬੇ ਕਿਊਬਿਕ ਵਿਚ ਮੰਗਲਵਾਰ ਨੂੰ 633 ਨਵੇਂ ਮਾਮਲੇ ਅਤੇ ਸੱਤ ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ।ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਹਾਲ ਹੀ ਵਿੱਚ ਡੈਲਟਾ ਵੇਰੀਐਂਟ ਦੇ ਕਾਰਨ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਟੀਕਾਕਰਣ ਦਾ ਦਾਇਰਾ ਵਧਾਉਣ ਅਤੇ ਹੋਰ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ।