ਗੁਰਦਾਸਪੁਰ – ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਸ਼ੁਰੂ ਕੀਤੀਆਂ ਸਰਗਰਮੀਆਂ ਨੇ ਪਿਛਲੇ ਕਰੀਬ ਸਾਢੇ 4 ਸਾਲਾਂ ਤੋਂ ਆਪਣੀ ਸਰਕਾਰ ਵਿੱਚ ਮਾਯੂਸ ਬੈਠੇ ਕਾਂਗਰਸੀਆਂ ਵਿੱਚ ਮੁੜ ਨਵੀਂ ਜਾਨ ਫੂਕ ਦਿੱਤੀ ਹੈ। ਹੁਣ ਬਾਜਵਾ ਦੇ ਸਮਾਗਮਾਂ ਵਿੱਚ ਕਾਂਗਰਸ ਦੇ ਉਹ ਆਗੂ ਅਤੇ ਵਰਕਰ ਨਜ਼ਰ ਆਉਣ ਲੱਗ ਪਏ ਹਨ, ਜੋ ਪਿਛਲੇ ਸਮੇਂ ਦੌਰਾਨ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਹਨ। ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੁਖਾਵੇਂ ਸਬੰਧ ਬਣਨ ਤੋਂ ਬਾਅਦ ਸਿਰਫ ਬਟਾਲਾ ਵਿੱਚ ਹੀ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਨਹੀਂ ਕਰਵਾਇਆ ਸਗੋਂ ਉਨ੍ਹਾਂ ਨੇ ਸਮੁੱਚੇ ਜ਼ਿਲ੍ਹੇ ਅੰਦਰ ਵੀ ਆਪਣੀ ਪਕੜ ਨੂੰ ਮਜ਼ਬੂਤ ਕਰਨ ਲਈ ਸਿਵਲ ਤੇ ਪੁਲਸ ਪ੍ਰਸ਼ਾਸਨ ਨੂੰ ਹੋਰ ਚੁਸਤ ਤੇ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਧਾਰੀਵਾਲ ਵਿਖੇ ਰੱਖੇ ਸਮਾਗਮਾਂ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਆਪਣੇ ਪੁਰਾਣੇ ਸਮਰਥਕ ਬਰਿੰਦਰ ਸਿੰਘ ਛੋਟੇਪੁਰ ਦੇ ਘਰ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਤੇ ਆਪਣੇ ਸਮਰਥਕਾਂ ਨਾਲ ਸ਼ਮੂਲੀਅਤ ਕੀਤੀ, ਜਿਥੇ ਬਾਜਵਾ ਨੇ ਕਈ ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ’ਤੇ ਨਿਪਟਾਰਾ ਕਰਵਾਇਆ। ਇਥੋਂ ਤੱਕ ਬਾਜਵਾ ਨੇ ਧਾਰੀਵਾਲ ਵਿੱਚ ਰੱਖੇ ਸੰਬੋਧਨ ਦੌਰਾਨ ਸਟੇਜ ਤੋਂ ਸੰਬੋਧਨ ਕਰਦਿਆਂ ਇਥੋਂ ਤੱਕ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਦੌਰਾਨ ਤਾਂ ਉਹ ਕਾਲੇ ਪਾਣੀ ਵਰਗੀ ਸਜ਼ਾ ਕੱਟ ਰਹੇ ਸਨ ਪਰ ਹੁਣ ਪ੍ਰਮਾਤਮਾ ਨੇ ਕ੍ਰਿਪਾ ਕੀਤੀ ਹੈ, ਜਿਸ ਤਹਿਤ ਹੁਣ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
ਬਾਜਵਾ ਦੇ ਅਜਿਹੇ ਵਿਅੰਗ ਅਤੇ ਆਪਣੇ ਸਮਰਥਕਾਂ ਦੇ ਧੜਾਧੜ ਕਰਵਾ ਜਾ ਰਹੇ ਕੰਮਾਂ ਕਾਰਨ ਹੁਣ ਬਾਜਵਾ ਧੜੇ ਦੇ ਆਗੂ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਬਾਜਵਾ ਨੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਅਗਲੇਰੀਆਂ ਚੋਣਾਂ ਲਈ ਲਾਮਬੱਧ ਕਰਦਿਆਂ ਕਿਹਾ ਕਿ ਹੁਣ ਪੰਜਾਬ ਵਿੱਚ ਸਰਕਾਰ ਬਣਾਉਣਾ ਕਿਸੇ ਹੋਰ ਪਾਰਟੀ ਦੇ ਵੱਸ ਦੀ ਗੱਲ ਨਹੀਂ ਅਤੇ ਅਗਲੇਰੀ ਸਰਕਾਰ ਕਾਂਗਰਸ ਦੀ ਹੀ ਬਣੇਗੀ।
ਕਿਸਾਨਾਂ ਦੇ ਹੱਕ ਵਿੱਚ ਡਟੇ ਦਿਖਾਈ ਦਿੱਤੇ ਬਾਜਵਾ
ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਕਾਰਨ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨਾਂ ਦੇ ਹੱਕ ਵਿੱਚ ਡਟਦਿਆਂ ਐਲਾਨ ਕੀਤਾ ਕਿ ਜਿੰਨੀ ਦੇਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਨੀ ਦੇਰ ਉਹ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜ੍ਹੇ ਰਹਿਣਗੇ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਕੇ ਗੰਨੇ ਦਾ ਰੇਟ ਵਧਾਇਆ ਹੈ, ਜਿਸ ਨਾਲ ਕਿਸਾਨਾਂ ਨੂੰ 300 ਕਰੋੜ ਰੁਪਏ ਦਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸੰਸਦ ਵਿਚ ਵੀ ਉਨ੍ਹਾਂ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਅਤੇ ਕਿਸਾਨਾਂ ਦੀ ਆਵਾਜ਼ ਨਾ ਸੁਣੇ ਜਾਣ ਕਾਰਨ ਉਨ੍ਹਾਂ ਨੇ ਕਿਤਾਬ ਵਗਾਹ ਕੇ ਮਾਰੀ ਸੀ।
ਡੀ. ਸੀ. ਅਤੇ ਐੱਸ. ਐੱਸ. ਪੀ. ਦੀ ਵੀ ਥਾਪੜੀ ਪਿੱਠ
ਬਾਜਵਾ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਡੀ. ਸੀ. ਮੁਹੰਮਦ ਇਸ਼ਫਾਕ ਦੀ ਕਾਰਗੁਜ਼ਾਰੀ ਦੀ ਜਨਤਕ ਤੌਰ ’ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਡੀ. ਸੀ. ਦੀ ਮਿਹਨਤ ਸਦਕਾ ਨਰੇਗਾ ਦੇ ਕੰਮ ਕਰਵਾਉਣ ਸਮੇਤ ਹੋਰ ਕਾਰਜਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਪੂਰੇ ਪੰਜਾਬ ਵਿਚੋਂ ਅੱਵਲ ਰਿਹਾ ਹੈ। ਇਸੇ ਤਰ੍ਹਾਂ ਐੱਸ. ਐੱਸ. ਪੀ. ਗੁਰਦਾਸਪੁਰ ਡਾ. ਨਾਨਕ ਸਿੰਘ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਪੁਲਸ ਵਧੀਆ ਕੰਮ ਕਰ ਰਹੀ ਹੈ ਪਰ ਇਹ ਵੀ ਸੱਚ ਹੈ ਕਿ ਨਸ਼ੇ ਦੇ ਸੌਦਾਗਰ ਪੁਲਸ ਦੀ ਅੱਖ ਤੋਂ ਨਹੀਂ ਬਚ ਸਕਦੇ। ਇਸ ਲਈ ਉਨ੍ਹਾਂ ਐੱਸ. ਐੱਸ. ਪੀ. ਨੂੰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਸਖ਼ਤੀ ਕਰ ਕੇ ਨਸ਼ਾ ਸਮੱਗਲਰਾਂ ਦਾ ਲੱਕ ਤੋੜਨ ਲਈ ਪੁਲਸ ਨੂੰ ਲਾਮਬੱਧ ਕੀਤਾ ਜਾਵੇ। ਇਸ ਦੇ ਨਾਲ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਨੂੰ ਤਾੜਨਾ ਵੀ ਕੀਤੀ ਕਿ ਉਹ ਅਜਿਹਾ ਕੁਝ ਬਰਦਾਸ਼ਤ ਨਹੀਂ ਕਰਨਗੇ।
ਨਿਰੰਤਰ ਮਜ਼ਬੂਤ ਹੋ ਰਹੀ ਹੈ ਬਟਾਲਾ ਸਬੰਧੀ ਦਾਅਵੇਦਾਰੀ
ਪ੍ਰਤਾਪ ਸਿੰਘ ਬਾਜਵਾ ਦੀਆਂ ਸਰਗਰਮੀਆਂ ਬਟਾਲਾ ਅਤੇ ਆਸਪਾਸ ਖੇਤਰ ’ਚ ਕੇਂਦਰਿਤ ਹੋਣ ਕਾਰਨ ਬਾਜਵਾ ਦੀ ਬਟਾਲਾ ਹਲਕੇ ਤੋਂ ਚੋਣ ਲੜਨ ਦੀ ਸੰਭਾਵਨਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਖਾਸ ਤੌਰ ’ਤੇ ਬੀਤੇ ਦਿਨ ਬਾਜਵਾ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦੇਣ ਮੌਕੇ ‘ਲੈਡਿੰਗ’ ਤੋਂ ਪਹਿਲਾਂ ਚਾਪਰ ਦੇ ਲੈਡਿੰਗ ਵਾਲੇ ਖੇਤਰ ਉਪਰ ਚੱਕਰ ਕੱਟਣ ਸਬੰਧੀ ਦਿੱਤੀ ਗਈ ਉਦਾਹਰਨ ਨੇ ਵੀ ਕਾਫੀ ਹੱਦ ਤੱਕ ਇਸ ਗੱਲ ਦਾ ਸੰਕੇਤ ਦੇ ਦਿੱਤਾ ਹੈ ਕਿ ਹਾਲ ਦੀ ਗੜੀ ਬਟਾਲਾ ਹਲਕੇ ਵਿਚ ਬਾਜਵਾ ਨੇ ਚੋਣ ਲੜਨ ਦਾ ਮਨ ਬਣਾ ਲਿਆ ਹੈ। ਏਨਾ ਹੀ ਬਾਜਵਾ ਵੱਲੋਂ ਬਟਾਲਾ ਵਿਚ ਪੁਲਸ ਅਤੇ ਪ੍ਰਸ਼ਾਸਨਿਕ ਢਾਂਚੇ ਵਿਚ ਕਰਵਾਈ ਗਈ ਤਬਦੀਲੀ ਵੀ ਬਾਜਵਾ ਦੀ ਬਟਾਲੇ ’ਤੇ ‘ਅੱਖ’ ਹੋਣ ਦੀ ਸਪੱਸ਼ਟ ਉਦਾਹਰਨ ਹੈ।