ਨਵੀਂ ਦਿੱਲੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਸਰਦਾਰ ਇੰਦਰਜੀਤ ਸਿੰਘ ਅੱਜ ਯਾਨੀ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਦਾਦਾ ਜੀ ਦਾ ਜਾਣਬੁੱਝ ਕੇ ਐਕਸੀਡੈਂਟ ਕਰਵਾ ਕੇ ਉਨ੍ਹਾਂ ਦਾ ਕਤਲ ਕਰਵਾਇਆ ਗਿਆ ਸੀ। ਭਾਜਪਾ ਦੇ ਕੇਂਦਰੀ ਦਫ਼ਤਰ ’ਚ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਡਾ. ਦੁਸ਼ਯੰਤ ਗੌਤਮ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸ਼੍ਰੀ ਇੰਦਰਜੀਤ ਸਿੰਘ ਨੂੰ ਪਾਰਟੀ ’ਚ ਸੁਆਗਤ ਕੀਤਾ ਅਤੇ ਮੈਂਬਰਤਾ ਦੀ ਪਰਚੀ ਪ੍ਰਦਾਨ ਕੀਤੀ। ਇਸ ਮੌਕੇ ਇੰਦਰਜੀਤ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਸਵ. ਦਾਦਾ ਜੀ ਦੀ ਮਨੋਕਾਮਨਾ ਸਾਲਾਂ ਬਾਅਦ ਪੂਰੀ ਹੋਈ ਹੈ। ਕਾਂਗਰਸ ਨੇ ਉਨ੍ਹਾਂ ਦੀ ਵਫ਼ਾਦਾਰੀ ਦੇ ਬਾਵਜੂਦ ਜਿਸ ਤਰ੍ਹਾਂ ਦਾ ਸਲੂਕ ਕੀਤਾ, ਉਸ ਨਾਲ ਉਨ੍ਹਾਂ ਦਾ ਦਿਲ ਦੁਖਿਆ ਸੀ। ਉਨ੍ਹਾਂ ਕਿਹਾ,‘‘ਮੇਰੇ ਦਾਦਾ ਜੀ ਚਾਹੁੰਦੇ ਸਨ ਕਿ ਮੈਂ ਭਾਜਪਾ ’ਚ ਜਾਵਾਂ। ਉਨ੍ਹਾਂ ਨੇ ਮੈਨੂੰ ਸ਼੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ਼੍ਰੀ ਲਾਲਕ੍ਰਿਸ਼ਨ ਅਡਵਾਨੀ ਕੋਲੋਂ ਆਸ਼ੀਰਵਾਦ ਲੈਣ ਭੇਜਿਆ ਸੀ।’’ ਇਸ ਦੌਰਾਨ ਇੰਦਰਜੀਤ ਸਿੰਘ ਨੇ ਕਾਂਗਰਸ ਲੀਡਰਸ਼ਿਪ ’ਤੇ ਸਨਸਨੀਖੇਜ ਦੋਸ਼ ਲਗਾਇਆ ਕਿ 1994 ’ਚ ਉਨ੍ਹਾਂ ਦੇ ਦਾਦਾ ਜੀ ਅਤੇ ਸਾਬਕਾ ਰਾਸ਼ਟਰਪਤੀ ਦੀ ਕਾਰ ਦਾ ਕਿਸੇ ਸਾਜਿਸ਼ ਦੇ ਅਧੀਨ ਜਾਣਬੁੱਝ ਕੇ ਐਕਸੀਡੈਂਟ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਦੱਸਣਯੋਗ ਹੈ ਕਿ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਬਣਨ ਦੇ ਬਾਅਦ ਵੀ ਜਦੋਂ ਕਦੇ ਪੰਜਾਬ ਦੇ ਨੇੜੇ-ਤੇੜੇ ਆਉਂਦੇ ਸਨ ਤਾਂ ਉਹ ਆਨੰਦਪੁਰ ਸਾਹਿਬ ਜਾਣਾ ਨਹੀਂ ਭੁੱਲਦੇ ਸਨ। ਸਾਲ 1994 ’ਚ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਜਾਂਦੇ ਸਮੇਂ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਉਨ੍ਹਾਂ ਨੂੰ ਚੰਡੀਗੜ੍ਹ ਪੀ.ਜੀ.ਆਈ. ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਦਿੱਲੀ ’ਚ ਉਸ ਸਮੇਂ ਦੇ ਦਿੱਗਜ ਨੇਤਾ ਮਦਨਲਾਲ ਖੁਰਾਨਾ ਨਾਲ ਕਈ ਰੈਲੀਆਂ ’ਚ ਸ਼ਾਮਲ ਹੋਏ ਪਰ ਉਦੋਂ ਪਾਰਟੀ ਦੀ ਮੈਂਬਰਤਾ ਨਹੀਂ ਲਈ ਸੀ। ਉਨ੍ਹਾਂ ਨੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੇ ਪ੍ਰਤੀ ਆਭਾਰ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸੱਦੇ ’ਤੇ ਉਹ ਭਾਜਪਾ ’ਚ ਸ਼ਾਮਲ ਹੋਏ ਹਨ ਅਤੇ ਪਾਰਟੀ ਜੋ ਵੀ ਜ਼ਿੰਮੇਵਾਰੀ ਦੇਵੇਗੀ, ਉਹ ਉਸ ਨੂੰ ਪੂਰੀ ਲਗਨ ਨਾਲ ਪੂਰਨ ਕਰਨਗੇ।