ਨਵਾਂਸ਼ਹਿਰ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨੀਂ ਦਿਨੀਂ ਇਲੈਕਸ਼ਨ ਮੂਡ ’ਚ ਨਜ਼ਰ ਆ ਰਹੇ ਹਨ। ਇਸੇ ਤਹਿਤ ਅੱਜ ਕੈਪਟਨ ਅਮਰਿੰਦਰ ਸਿੰਘ ਨਵਾਂਸ਼ਹਿਰ ਦਾ ਦੌਰਾ ਕਰਨ ਪਹੁੰਚੇ। ਕੈਪਟਨ ਅਮਰਿੰਦਰ ਸਿੰਘ ਨਵਾਂਸ਼ਹਿਰ ਦੇ ਪਿੰਡ ਬੱਲੇਵਾਲ ਸੌਂਖੜੀ ਪਹੁੰਚੇ, ਜਿੱਥੇ ਨਵਾਂਸ਼ਹਿਰ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਿਆ। ਕੈਪਟਨ ਅਮਰਿੰਦਰ ਸਿੰਘ ਨੇ ਇਥੇ ਪੀ. ਏ. ਯੂ. ਕਾਲਜ ਆਫ਼ ਐਗਰੀਕਲਚਰ ਦਾ ਨੀਂਹ ਪੱਥਰ ਰੱਖਿਆ।
ਇਸ ਦੇ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਬੇਜ਼ਮੀਨੇ ਕਿਸਾਨਾਂ ਦੇ ਕਰਜ਼ਾ ਮੁਆਫ਼ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ 25 ਮਜ਼ਦੂਰ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਹਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂਸ਼ਹਿਰ ’ਚ ਖੇਤੀਬਾੜੀ ਰਿਸਰਚ ਸੈਂਟਰ ਬਣਾਉਣ ਦਾ ਵੀ ਐਲਾਨ ਕੀਤਾ। ਇਸ ਦੇ ਇਲਾਵਾ ਨਵਾਂਸ਼ਹਿਰ ਦੀਆਂ ਸੜਕਾਂ ਲਈ 80 ਕਰੋੜ ਦੇਣ ਜਾ ਵੀ ਐਲਾਨ ਕੀਤਾ। ਇਥੇ ਦੱਸ ਦੇਈਏ ਕਿ ਨਵਾਂਸ਼ਹਿਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਦੇ ਪਿੰਡ ਮੁਖਲਿਆਣਾ ਵਿਖੇ ਸਰਕਾਰੀ ਕਾਲਜ ਦਾ ਵੀ ਨੀਂਹ ਪੱਥਰ ਰੱਖਣਗੇ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਦੇ ਚੈੱਕ ਵੰਡਣਗੇ।
ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀਆਂ ’ਤੇ ਵਰ੍ਹੇ ਕੈਪਟਨ
ਇਸ ਮੌਕੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦਾ ਵੀ ਮੁੱਦਾ ਚੁੱਕਿਆ। ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਅਕਾਲੀਆਂ ’ਤੇ ਵਰ੍ਹਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਪਾਰਟੀ ਖੇਤੀ ਕਾਨੂੰਨਾਂ ਦਾ ਸ਼ੁਰੂ ਤੋਂ ਹੀ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਸਨ, ਤਾਂ ਉਸ ਸਮੇਂ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਸੀ ਅਤੇ ਬਾਅਦ ’ਚ ਪਿੱਛੇ ਹਟ ਗਈ। ਜਦੋਂ ਕਿਸਾਨਾਂ ਨੂੰ ਲੋੜ ਪਈ ਤਾਂ ਅਕਾਲੀਆਂ ਨੇ ਪਲਟੀ ਮਾਰ ਲਈ। ਉਨ੍ਹਾਂ ਕਿਹਾ ਕਿ ਸਾਲ ਹੋਣ ਲੱਗਾ ਹੈ ਅਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹੋਏ ਹਨ। ਕਈ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਦੇ ਹੋਏ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬਣਾਏ ਗਏ ਤਿੰਨੇ ਖੇਤੀ ਕਾਨੂੰਨ ਅਕਾਲੀਆਂ ਦੀ ਮਰਜ਼ੀ ਨਾਲ ਹੀ ਬਣਾਏ ਗਏ ਹਨ ਅਤੇ ਬਾਅਦ ’ਚ ਰੌਲਾ ਪੈਣ ਤੋਂ ਬਾਅਦ ਅਕਾਲੀ ਪਲਟੀ ਮਾਰ ਗਏ।