ਚੰਡੀਗੜ੍ਹ : ਪੰਜਾਬ ਵਿਚ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਫੰਡ ਦੀ ਕਮੀ ਆ ਗਈ ਹੈ, ਇਸ ਲਈ ‘ਆਪ’ ਨੇ ਲੋਕਾਂ ਤੋਂ ਦਾਨ ਮੰਗਿਆ ਹੈ। ਆਮ ਆਦਮੀ ਪਾਰਟੀ ਨੇ ਫੇਸਬੁੱਕ ’ਤੇ ਆਪਣੇ ਅਧਿਕਾਰਕ ਪੇਜ ’ਤੇ ਲੋਕਾਂ ਤੋਂ ਫੰਡ ਦੀ ਮੰਗ ਕਰਦੇ ਹੋਏ ਲਿਖਿਆ ਹੈ ਕਿ ਆਓ ਸਾਰੇ ਰਲ-ਮਿਲ ਕੇ ਇਮਾਨਦਾਰ ਅਤੇ ਸਾਫ਼ ਸੁਥਰੀ ਰਾਜਨੀਤੀ ਨੂੰ ਅੱਗੇ ਲਿਆਉਣ ਲਈ ਆਮ ਆਦਮੀ ਪਾਰਟੀ ਦੀ ਮਦਦ ਕਰੀਏ ਅਤੇ ਆਪਣੇ ਕੀਮਤੀ ਫ਼ੰਡ ਦਾ ਸਹਿਯੋਗ ਦੇ ਕੇ ਪੰਜਾਬ ਵਿਚ ਬਦਲਾਅ ਲਿਆਈਏ। ਲਿਹਾਜ਼ਾ ਲੋਕ ਆਪਣੀ ਨੇਕ ਕਮਾਈ ’ਚੋਂ ਦਾਨ ਦਾ ਸਹਿਯੋਗ ਦੇਣ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀਆਂ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੂੰ ਐੱਨ. ਆਰ. ਆਈਜ਼ ਤੋਂ ਵੱਡਾ ਫੰਡ ਮਿਲਿਆ ਸੀ ਅਤੇ ਵਿਰੋਧੀਆਂ ਵਲੋਂ ਦੋਸ਼ ਲਗਾਏ ਗਏ ਸਨ ਕਿ ‘ਆਪ’ ਨੂੰ ਜਿੰਨਾਂ ਫੰਡ ਬਾਹਰੋਂ ਆਇਆ ਹੈ, ਉਸ ਨੂੰ ਦਰਸਾਇਆ ਨਹੀਂ ਗਿਆ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਕਿਸੇ ਵੀ ਪਾਰਟੀ ਨੂੰ ਚਲਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੰਬਾਨੀਆ-ਅੰਡਾਨੀਆ ਤੋਂ ਪੈਸਾ ਲੈ ਕੇ ਚੋਣਾਂ ਲੜਾਂਗੇ ਤਾਂ ਉਨ੍ਹਾਂ ਦੀ ਹਾਮੀ ਭਰਾਂਗੇ, ਇਸ ਲਈ ਅਸੀਂ ਲੋਕਾਂ ਦੀ ਨੇਕ ਕਮਾਈ ’ਚੋਂ ਹਿੱਸਾ ਮੰਗ ਰਹੇ ਹਾਂ ਤਾਂ ਜੋ ਲੋਕਾਂ ਨੂੰ ਸਾਫ ਸੁਥਰੀ ਰਾਜਨੀਤੀ ਦੇ ਸਕੀਏ।