ਸਿੱਖ ਸ਼ਰਧਾਲੂਆਂ ਨੂੰ 4 ਤਖ਼ਤਾਂ ਨੂੰ ਜੋੜਨ ਵਾਲੀ ‘ਸਰਕਿਟ ਰੇਲ’ ਦਾ ਤੋਹਫ਼ਾ’, RP ਸਿੰਘ ਨੇ PM ਮੋਦੀ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ— ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਦਰਅਸਲ ਮੋਦੀ ਸਰਕਾਰ ਸਿੱਖਾਂ ਦੇ ਧਾਰਮਿਕ ਅਸਥਾਨਾਂ 4 ਤਖ਼ਤਾਂ ਨੂੰ ਜੋੜਨ ਵਾਲੀ ਟਰੇਨ ਸ਼ੁਰੂ ਕਰਨ ਜਾ ਰਹੀ ਹੈ। ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਜੋੜਨ ਵਾਲੀ ਟਰੇਨ ਸ਼ੁਰੂ ਕਰਨ ਦੀ ਯੋਜਨਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰ. ਪੀ. ਵਲੋਂ ਸ਼ਲਾਘਾ ਕੀਤੀ ਗਈ।
ਆਰ. ਪੀ. ਸਿੰਘ ਨੇ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕੀਤਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ’ਤੇ ਮਾਣ ਹੈ। ਭਾਰਤ ’ਚ 4 ਤਖ਼ਤਾਂ (ਸਿੱਖਾਂ ਦੇ ਧਾਰਮਿਕ ਅਸਥਾਨਾਂ) ਨੂੰ ਜੋੜਨ ਵਾਲੀ ਟਰੇਨ ਜਲਦ ਹੀ ਸ਼ੁਰੂ ਹੋਵੇਗੀ। ਇਹ ਟਰੇਨ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਵੇਗੀ।
ਦੱਸ ਦੇਈਏ ਕਿ ਸਿੱਖ ਸੰਗਤ ਲਈ ਭਾਰਤੀ ਰੇਲਵੇ ਨੇ ‘ਗੁਰਦੁਆਰਾ ਸਰਕਿਟ ਟਰੇਨ’ ਚਲਾਉਣ ਦੀ ਯੋਜਨਾ ਬਣਾਈ ਹੈ। ਇਸ ਟਰੇਨ ਤੋਂ ਸਿੱਖ ਸੰਗਤ 4 ਤਖ਼ਤਾਂ ਦੀ ਯਾਤਰਾ ਕਰ ਸਕਣਗੇ। ਇਹ ਸਰਕਿਟ 11 ਦਿਨਾਂ ਵਿਚ ਪੂਰਾ ਹੋਵੇਗਾ। ਸਿੱਖ ਸੰਗਤ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ, ਪਟਨਾ ’ਚ ਪਟਨਾ ਸਾਹਿਬ, ਨਾਂਦੇੜ ਵਿਚ ਹਜ਼ੂਰ ਸਾਹਿਬ ਅਤੇ ਬਠਿੰਡਾ ’ਚ ਦਮਦਮਾ ਸਾਹਿਬ ਦੀ ਯਾਤਰਾ ਕਰ ਸਕਣਗੇ।
‘ਗੁਰਦੁਆਰਾ ਸਰਕਿਟ ਟਰੇਨ’ ’ਚ ਸਲੀਪਰ ਅਤੇ ਏਸੀ ਕੋਚ ਹੋਣਗੇ। ਆਪਰੇਟਰ ਵਲੋਂ ਇਸ ਦਾ ਕਿਰਾਇਆ ਤੈਅ ਕੀਤਾ ਜਾਵੇਗਾ। ਇਸ ਦੇ ਨਾਲ ਹੀ ਟਰੇਨ ਵਿਚ ਇਕ ਪੈਂਟਰੀ ਕਾਰ ਦੀ ਵੀ ਵਿਵਸਥਾ ਹੋਵੇਗੀ ਪਰ ਯਾਤਰੀਆਂ ਨੂੰ ਐਡਵਾਂਸ ’ਚ ਹੀ ਖਾਣੇ ਦੀ ਬੁਕਿੰਗ ਕਰਵਾਉਣੀ ਪਵੇਗੀ। ਰੇਲ ਮੰਤਰਾਲਾ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਰੇਲਵੇ ਇਸ ਤਰ੍ਹਾਂ ਦੀਆਂ ਕਈ ਯੋਜਨਾਵਾਂ ’ਤੇ ਕੰਮ ਕਰ ਰਿਹਾ ਹੈ। ਰਮਾਇਣ ਸਰਕਿਟ ਅਤੇ ਬੁੱਧ ਸਰਕਿਟ ਤੋਂ ਬਾਅਦ ‘ਗੁਰਦੁਆਰਾ ਸਰਕਿਟ’ ਨਵਾਂ ਪ੍ਰਾਜੈਕਟ ਹੈ।