ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੋਸ਼ ਲਾਇਆ ਕਿ ਡਾਇਰੈਕਟੋਰੇਟ ਗੁਰਦੁਆਰਾ ਚੋਣਾਂ ਨਰਿੰਦਰ ਸਿੰਘ ਨੇ ਗੁਰਦੁਆਰਾ ਐਕਟ ਦੀ ਉਲੰਘਣਾ ਕਰਕੇ ਕੱਲ ਕੋਆਪਸ਼ਨ ਦੀ ਚੋਣ ਮੁਲਤਵੀ ਕੀਤੀ ਹੈ। ਦਿੱਲੀ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਨੁੰ ਸੰਬੋਧਨ ਕਰਦਿਆਂ ਸਿਰਸਾ ਅਤੇ ਕਾਲਕਾ ਨੇ ਦੱਸਿਆ ਕਿ ਐਕਟ ਦੇ ਮੁਤਾਬਕ ਪਹਿਲਾਂ ਚਾਰ ਤਖ਼ਤਾਂ ਦੇ ਜਥੇਦਾਰਾਂ ਦੀ ਚੋਣ ਕਮੇਟੀ ਵਿਚ ਹੁੰਦੀ ਹੈ, ਫਿਰ ਸ਼੍ਰੋਮਣੀ ਕਮੇਟੀ ਅਤੇ ਫਿਰ ਸਿੰਘ ਸਭਾਵਾਂ ਦੇ ਦੋ ਮੈਂਬਰਾਂ ਦੀ ਚੋਣ ਲਾਟਰੀ ਦੇ ਰੂਪ ਵਿਚ ਅਤੇ ਅਖ਼ੀਰ ਵਿਚ ਕਮੇਟੀ ਦੇ ਆਪਣੇ ਮੈਂਬਰ ਕੋਆਪਸ਼ਨ ਨਾਲ ਮੈਂਬਰ ਚੁਣਦੇ ਹਨ ਪਰ ਡਾਇਰੈਕਟਰ ਨਰਿੰਦਰ ਸਿੰਘ ਨੇ ਪਹਿਲਾਂ ਹੀ ਗਿਣੀ-ਮਿਥੀ ਸਕੀਮ ਤਹਿਤ ਆਉਂਦੇ ਸਾਰ ਸਿੰਘ ਸਭਾਵਾਂ ਦੇ ਮੈਂਬਰਾਂ ਦੀ ਲਾਟਰੀ ਨਾਲ ਚੋਣ ਬਾਰੇ ਇਤਰਾਜ਼ ਪੁੱਛੇ ਜੋ ਕਿ ਐਕਟ ਮੁਤਾਬਕ ਨਹੀਂ ਪੁੱਛੇ ਜਾ ਸਕਦੇ ਸਨ ਤੇ ਫਿਰ ਸਰਨਾ ਭਰਾਵਾਂ ਨੇ ਇਤਰਾਜ਼ ਕੀਤਾ ਤੇ ਚੋਣ ਮੁਲਤਵੀ ਕਰ ਦਿੱਤੀ ਜੋ ਗੈਰ-ਸੰਵਿਧਾਨਕ ਹੈ। ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ ਨੇ ਲੁਬਾਣਾ ਦੀ ਮੈਂਬਰਸ਼ਿਪ ਖਾਰਜ਼ ਕਰਨ ਦਾ ਯਤਨ ਕੀਤਾ ਅਤੇ ਇਹ ਵੀ ਕਿਹਾ ਕਿ ਮੇਰੀ ਮੈਂਬਰਸ਼ਿਪ ਰਹਿਣ ਨਹੀਂ ਦੇਣੀ।
ਉਨ੍ਹਾਂ ਨੇ ਕਥਿਤ ਤੌਰ ’ਤੇ ਦੋਸ਼ ਧਕਾਇਆ ਕਿ ਇਸੇ ਤਰੀਕੇ ਨਰਿੰਦਰ ਸਿੰਘ ਨੇ ਰਮਿੰਦਰ ਸਿੰਘ ਸਵੀਟਾ ਨੁੰ ਰੁਪਇਆ ਦੀ ਪੇਸ਼ਕਸ਼ ਸਰਨਾ ਭਰਾਵਾਂ ਦਾ ਸਾਥ ਦੇਣ ਦਾ ਯਤਨ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਮੋਤੀ ਨਗਰ ਤੋਂ ਇਲਾਵਾ ਇਕ ਹੋਰ ਥਾਣੇ ਦੇ ਐੱਸ. ਐੱਚ. ਓ. ਨੇ ਸਾਡੇ ਮੈਂਬਰ ਨੂੰ ਸੱਦਿਆ ਤੇ ਕਿਹਾ ਕਿ ਜੋ ਤੁਸੀਂ ਪੈਸੇ ਲੈਣੇ ਹਨ ਲੈ ਲਓ, ਸਰਨਾ ਭਰਾਵਾਂ ਦਾ ਸਾਥ ਦਿਓ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਸ ਥਾਣੇ ਵਿਚ ਸਰਨਾ ਦਾ ਬੇਟਾ ਆਪ ਬੈਠਾ ਸੀ।
ਉਨ੍ਹਾਂ ਦੱਸਿਆ ਕਿ ਅਸੀਂ ਨਰਿੰਦਰ ਸਿੰਘ ਦੀ ਸ਼ਿਕਾਇਤ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਉੱਪ ਰਾਜਪਾਲ ਕੋਲ ਵੀ ਸ਼ਿਕਾਇਤ ਕਰ ਰਹੇ ਹਾਂ ਕਿ ਨਰਿੰਦਰ ਸਿੰਘ ਨੂੰ ਬਰਖਾਸਤ ਕੀਤਾ ਜਾਵੇ ਅਤੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਲਿਖਤੀ ਸ਼ਿਕਾਇਤ ਦੇ ਰਹੇ ਹਾਂ ਅਤੇ ਇਸ ਦੇ ਖ਼ਿਲਾਫ਼ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਆਈ. ਪੀ. ਅਸਟੇਟ ਅੰਦਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜੋ ਪੈਸੇ ਦੀ ਪੇਸ਼ਕਸ਼ ਕੀਤੀ ਹੈ ਤੇ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਮਨਜੀਤ ਸਿੰਘ ਜੀ. ਕੇ. ਅਤੇ ਪਰਮਜੀਤ ਸਿੰਘ ਸਰਨਾ ਭਰਾਵਾਂ ਵੱਲੋਂ ਇਕ-ਦੂਜੇ ਖਿਲਾਫ ਮੰਦੀ ਸ਼ਬਦਾਵਲੀ ਵਰਤਣ ਤੋਂ ਬਾਅਦ ਹੁਣ ਇਕਜੁੱਟਤਾ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਨੇ ਇਹ ਦੋਸ਼ ਲਾਇਆ ਕਿ ਨਰਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਵਿਚ ਸਰਕਾਰਾਂ ਵਾੜਨ ਦਾ ਯਤਨ ਕੀਤਾ ਹੈ।
ਹਰਮੀਤ ਸਿੰਘ ਕਾਲਕਾ ਨੇ ਇਹ ਵੀ ਦੱਸਿਆ ਕਿ ਇਹ 8ਵੀਂ ਚੋਣ ਹੈ ਅਤੇ ਇਕ ਵੀ ਚੋਣਾਂ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਸੰਵਿਧਾਨ ਜਾਂ ਐਕਟ ਦੀਆਂ ਧੱਜੀਆਂ ਉਡਾਈਆਂ ਗਈਆਂ ਹੋਣ। ਉਨ੍ਹਾਂ ਦੱਸਿਆ ਕਿ ਅਸੀਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਸੀ ਕਿ ਸਾਨੂੰ ਨਰਿੰਦਰ ਸਿੰਘ ’ਤੇ ਭਰੋਸਾ ਨਹੀਂ ਹੈ। ਤੁਸੀਂ ਆ ਕੇ ਚੋਣਾਂ ਕਰਵਾਓ। ਉਨ੍ਹਾਂ ਕਿਹਾ ਕਿ ਸਰਨਾ ਵੀ ਇਹ ਨਾ ਭੁੱਲਣ ਕਿ ਉਨ੍ਹਾਂ ਨੇ ਮਨਜੀਤ ਸਿੰਘ ਜੀ. ਕੇ. ’ਤੇ ਇਲਜ਼ਾਮ ਲਗਾਏ ਸਨ ਅਤੇ ਅੱਜ ਵੋਟਾਂ ਲੈ ਕੇ ਮਨਜੀਤ ਸਿੰਘ ਜੀ. ਕੇ. ਦਾ ਧੰਨਵਾਦ ਕਰ ਰਹੇ ਹਨ।