ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੰਗਲੈਂਡ ’ਚ ਬੁੱਤ ਦਾ ਉਦਘਾਟਨ ਕਰਨਾ ਸਿੱਖੀ ਸਿਧਾਂਤਾਂ ਨਾਲ ਖਿਲਵਾੜ : ਹਵਾਰਾ ਕਮੇਟੀ

ਅੰਮ੍ਰਿਤਸਰ : ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੰਗਲੈਂਡ ’ਚ ਬੁੱਤ ਦਾ ਉਦਘਾਟਨ ਕਰਨਾ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾ ਕੀਤਾ। ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ , ਐਡਵੋਕੇਟ ਅਮਰ ਸਿੰਘ ਚਾਹਲ, ਭਾਈ ਮਹਾਬੀਰ ਸਿੰਘ ਤੇ ਐਡਵੋਕੇਟ ਦਿਲਸ਼ੇਰ ਸਿੰਘ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ ਢਾਡੀ ਇੰਗਲੈਂਡ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਿਕ ਸਾਰਾ ਗੜ੍ਹੀ ਜੰਗ ਦੇ ਸ਼ਹੀਦ ਭਾਈ ਈਸ਼ਰ ਸਿੰਘ ਦੇ ਬੁੱਤ ਦਾ ਸਥਾਪਨਾ ਸਮਾਗਮ ਗੁਰਦੁਆਰਾ ਗੁਰੁ ਨਾਨਕ ਵੈਡਨਸਫੀਲਡ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 12 ਸਤੰਬਰ ਨੂੰ ਕੀਤਾ ਜਾਣਾ ਹੈ। ਜੇਕਰ ਬੁੱਤਾਂ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਸਿੱਖ ਜਰਨੈਲਾਂ ਜਿਨ੍ਹਾਂ ’ਚ ਜੱਸਾ ਸਿੰਘ ਰਾਮਗੜ੍ਹੀਆ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਆਦਿ ਸ਼ਾਮਿਲ ਨੇ ਦੇ ਬੁੱਤ ਗੁਰਦੁਆਰਾ ਸਾਹਿਬ ਦੀ ਪਰੀਸਪਰ ਤੋਂ ਦੂਰ ਵੱਖ- ਵੱਖ ਥਾਵਾਂ ’ਤੇ ਸੁਸ਼ੋਭਿਤ ਹਨ।
ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਸਾਰਾ ਗੜ੍ਹੀ ਦੇ ਸ਼ਹੀਦ ਸਿੰਘਾਂ ਦੀ ਕੁਰਬਾਨੀ ਇਤਿਹਾਸਕ ਤੇ ਸਿੱਖ ਜਜਬੇ ਪੱਖੋਂ ਬੇਮਿਸਾਲ ਹੈ ਤੇ ਉਨ੍ਹਾਂ ਦੀ ਯਾਦ ’ਚ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿਖੇ ਗੁਰਦੁਆਰਾ ਸਾਹਿਬ ਵੀ ਸਥਾਪਿਤ ਹਨ ਪਰ ਸਿੱਖ ਮਰਿਆਦਾ ਦੇ ਚੱਲਦਿਆਂ ਓਥੇ ਬੁੱਤ ਨਹੀਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕਰਦਾ ਹੈ ਪਰ ਜਦ ਇਹ ਇਤਿਹਾਸ ਪਰੋਸ ਕੇ ਆਉਣ ਵਾਲੀ ਪੀੜ੍ਹੀ ਅੱਗੇ ਰੱਖਾਂਗੇ ਕਿ ਕੌਮ ਦੇ ਜ਼ਿੰਮੇਵਾਰ ਵਿਅਕਤੀ ਬੁੱਤ ਦਾ ਉਦਘਾਟਨ ਕਰਕੇ ਬੁੱਤ ਪ੍ਰਸਤੀ ਦੇ ਸਿਧਾਂਤ ’ਤੇ ਮੋਹਰ ਲਗਾ ਰਹੇ ਹਨ ਤਾਂ ਅਸੀਂ ਕਿਸ ਦਲੀਲ ਨਾਲ ਆਪਣੇ ਰਿਵੋਧੀਆਂ ਨੂੰ ਭਾਰਤ ’ਚ ਗੁਰਦੁਆਰਾ ਸਾਹਿਬ ਦੇ ਬਾਹਰ ਬੁੱਤ ਲਗਾਉਣ ਤੋਂ ਰੋਕ ਸਕਾਂਗੇ।