ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਦੀ ਤੀਸਰੀ ਲਹਿਰ ਖਦਸ਼ਿਆਂ ਦਰਮਿਆਨ ਇਸ ਸਾਲ ਦੇ ਅੰਤ ਤੱਕ ਜੌਹਨਸਨ ਐਂਡ ਜੌਹਨਸਨ ਦੀ ਸਿੰਗਲ ਡੋਜ਼ ਵੈਕਸੀਨ ਵੀ ਮਿਲਣੀ ਸ਼ੁਰੂ ਜਾਵੇਗੀ। ਅਮਰੀਕੀ ਦਵਾਈ ਬਣਾਉਣ ਵਾਲੀ ਕੰਪਨੀ ਨੇ ਦੇ ਚੀਫ਼ ਪਾਲ ਸਟੋਫੇਲਸ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਇਸ ਵੈਕਸੀਨ ਨੂੰ ਭਾਰਤ ਸਰਕਾਰ ਨੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਸੀ।
ਭਾਰਤ ’ਚ ਬਾਇਓਲੋਜੀਕਲ ਈ ਬਣਾਏਗੀ ਟੀਕਾ
ਜੌਹਨਸਨ ਐਂਡ ਜੌਹਨਸਨ ਦੀ ਇਸ ਵੈਕਸੀਨ ਨੂੰ ਭਾਰਤ ’ਚ ਉਸ ਦੀ ਲੋਕਲ ਪਾਰਟਨਰ ਕੰਪਨੀ ਬਾਇਓਲੋਜੀਕਲ ਈ ਟੀਕਾ ਬਣਾਏਗੀ। ਕੰਪਨੀ ਅਨੁਸਾਰ ਮੈਨੂਫੈਕਚਰਿੰਗ ਪਲਾਂਟ ’ਚ ਟੀਕੇ ਦੀ ਨਿਰਮਾਣ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇੱਥੇ ਵੈਕਸੀਨ ਨੂੰ ਵੈਲੀਡੇਟ ਕਰਾਇਆ ਜਾ ਰਿਹਾ ਹੈ। ਕੋਰੋਨਾ ਦੇਸ਼ ’ਚ ਉਪਲੱਬਧ ਹੋਣ ਵਾਲੀ ਇਹ ਪੰਜਵੀਂ ਵੈਕਸੀਨ ਹੋਵੇਗੀ। ਇਸ ਤੋਂ ਪਹਿਲਾਂ ਭਾਰਤ ਬਾਇਓਟੈੱਕ ਦੀ ਕੋਵੈਕਸੀਨ, ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ, ਰੂਸੀ ਸਪੂਤਨਿਕ ਵੀ ਅਤੇ ਜਾਇਡਸ ਕੈਡਿਲਾ ਦੀ ਜਾਈਕੋਵ-ਡੀ (zycov-D) ਵੈਕਸੀਨ ਉਪਲਬਧ ਹੈ। ਕੰਪਨੀ ਅਨੁਸਾਰ ਜੌਹਨਸਨ ਐਂਡ ਜੌਹਨਸਨ ਦੀ ਦੁਨੀਆਂ ਭਰ ’ਚ 70 ਕਰੋੜ ਡੋਜ਼ ਦਿੱਤੀ ਜਾ ਚੁੱਕੀ ਹੈ।
ਤੀਸਰੀ ਲਹਿਰ ਦੇ ਖ਼ਦਸ਼ੇ ਨਾਲ ਵਧੀ ਅਹਿਮੀਅਤ
ਦੇਸ਼ ’ਚ ਕੋਰੋਨਾ ਦੀ ਤੀਸਰੀ ਲਹਿਰ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜਾਣਕਾਰਾਂ ਅਨੁਸਾਰ ਡੈਲਟਾ ਅਤੇ ਐੱਮ. ਯੂ. ਵੇਰੀਐਂਟ ਦੇ ਉੱਭਰਨ ਦੇ ਨਾਲ ਹੀ ਨਵੀਂ ਵੈਕਸੀਨ ਛੇਤੀ ਤੋਂ ਛੇਤੀ ਉਪਲੱਬਧ ਕਰਵਾਉਣ ਦੀ ਜ਼ਰੂਰਤ ਕਾਫ਼ੀ ਵਧ ਗਈ ਹੈ। ਸਿੰਗਲ ਡੋਜ਼ ਵੈਕਸੀਨ ਹੋਣ ਕਾਰਨ ਇਸ ਦੀ ਉਪਯੋਗਤਾ ਹੋਰ ਜ਼ਿਆਦਾ ਹੈ। ਇੰਟਰਨੈਸ਼ਨਲ ਫੈੱਡਰੇਸ਼ਨ ਆਫ਼ ਫਾਰਮਾਸਿਊਟੀਕਲਜ਼ ਐਸੋਸੀਏਸ਼ਨ (ਆਈ. ਐੱਫ. ਪੀ. ਐੱਮ. ਏ.) ਵੱਲੋਂ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਪਾਲ ਸਟੋਫੇਲਸ ਨੇ ਕਿਹਾ ਕਿ ਅਸੀਂ ਭਾਰਤ ’ਚ ਬਾਇਲੋਜੀਕਲ ਈ ਨੂੰ ਆਪਣੀ ਟੈਕਨਾਲੋਜੀ ਟਰਾਂਸਫਰ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਸਾਡੀ 50 ਫ਼ੀਸਦੀ ਵੈਕਸੀਨ ਛੇਤੀ ਹੀ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਨੂੰ ਉਪਲੱਬਧ ਹੋਣ ਲੱਗੇਗੀ।
ਸਿੰਗਲ ਡੋਜ਼ ਕਾਰਨ ਉਤਸੁਕਤਾ ਜ਼ਿਆਦਾ
ਜ਼ਿਕਰਯੋਗ ਹੈ ਕਿ ਭਾਰਤ ’ਚ ਕੋਵਿਸ਼ੀਲਡ ਤੋਂ ਇਲਾਵਾ ਸਿਰਫ਼ ਜੌਹਨਸਨ ਐਂਡ ਜੌਹਨਸਨ ਦੇ ਟੀਕੇ ਨੂੰ ਹੀ ਵਿਸ਼ਵ ਸਿਹਤ ਸੰਗਠਨ ਦੀ ਮਨਜ਼ੂਰੀ ਮਿਲੀ ਹੈ। ਇਹੀ ਕਾਰਨ ਹੈ ਕਿ ਜੌਹਨਸਨ ਐਂਡ ਜੌਹਨਸਨ ਦੇ ਸਿੰਗਲ ਡੋਜ਼ ਟੀਕੇ ਨੂੰ ਲੈ ਕੇ ਕਾਫੀ ਉਤਸੁਕਤਾ ਹੈ। ਦੁਨੀਆ ਭਰ ’ਚ ਟੀਕਾ ਹੀ ਇਸ ਗੱਲ ਦੀ ਕੁੰਜੀ ਹੈ ਅਤੇ ਸਾਰੇ ਦੇਸ਼ ਟੀਕਾਕਰਨ ਰਾਹੀਂ ਛੇਤੀ ਹੀ ਆਮ ਸਥਿਤੀ ’ਚ ਪਰਤਣਾ ਚਾਹੁੰਦੇ ਹਨ।