ਗੁਰਦਾਸਪੁਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ 63 ਸਾਲ ਦੀ ਉਮਰ ਵਿਚ ਚਲੇ ਗਏ ਹਨ। ਹੁਣ ਉਹ ਆਪਣੀ ਜ਼ਿੰਦਗੀ ਦਾ ਪਿਛਲਾ ਸਮਾਂ ਜਿੰਨਾਂ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ ਹੈ ਉਨਾਂ ਸਮਾਂ ਉਹ ਮੁੜ ਪੰਜਾਬ ਵਿਚ ਆ ਕੇ ਲੋਕਾਂ ਦੀ ਸੇਵਾ ਕਰਨਗੇ। ਬਾਜਵਾ ਨੇ ਕਿਹਾ ਕਿ ਮੇਰੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਪ੍ਰਿਅੰਕਾ ਗਾਂਧੀ ਤੋਂ ਇਲਾਵਾ ਹੋਰ ਵੀ ਕਈ ਸੀਨੀਅਰ ਕਾਂਗਰਸ ਦੇ ਲੀਡਰਾਂ ਨਾਲ ਇਹ ਗੱਲਬਾਤ ਤੈਅ ਹੋ ਚੁੱਕੀ ਹੈ ਕਿ ਮੈਨੂੰ ਹੁਣ ਪੰਜਾਬ ਦੀ ਸਿਆਸਤ ਵਿਚ ਜਾਣ ਦਿਓ ਕਿਉਂਕਿ ਅਪ੍ਰੈਲ ਵਿਚ ਮੇਰੀ ਰਾਜ ਸਭਾ ਦੀ ਟਨਿਓਰ ਖ਼ਤਮ ਹੋ ਰਹੀ ਹੈ, ਇਸ ਲਈ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੀ ਸਿਆਸਤ ਵਿਚ ਰਹਿ ਕੇ ਲੋਕਾ ਦੀ ਸੇਵਾ ਕਰ ਸਕਾ। ਇਸ ਗੱਲ ਨੂੰ ਹਾਈਕਮਾਨ ਅਤੇ ਸੀਨੀਅਰ ਲੀਡਰਾਂ ਨੇ ਮੇਰੇ ਨਾਲ ਸਹਿਮਤੀ ਦਿੱਤੀ ਹੈ । ਇਸ ਕਰਕੇ ਹੁਣ ਵਿਧਾਨ ਸਭਾ ਦੀ ਸੀਟ ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਵੀ ਹਲਕੇ ਤੋਂ ਚੋਣ ਮੈਦਾਨ ਵਿਚ ਉਤਰਨ ਲਈ ਮੈਨੂੰ ਹਰੀ ਝੰਡੀ ਮਿਲ ਗਈ ਹੈ। ਇਸ ਲਈ ਮੈਂ ਆਪਣੀ ਹਾਈਕਮਾਨ ਅਤੇ ਨਾਲ ਹੀ ਸੀਨੀਅਰ ਕਾਂਗਰਸ ਲੀਡਰਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਪੰਜਾਬ ਵਿਚ ਭੇਜ ਲੋਕ ਸੇਵਾ ਕਰਨ ਦਾ ਮੌਕਾ ਦਿੱਤਾ ਹੈ।
ਬਾਜਵਾ ਨੇ ਕਿਹਾ ਕਿ ਟਿੱਕਟਾਂ ਦੀ ਵੰਡ ਬਾਰੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਫੈਸਲਾ ਕਰਨਗੇ ਕਿ ਟਿੱਕਟਾਂ ਦੀ ਵੰਡ ਕਿਸ ਤਰ੍ਹਾਂ ਕਰਨੀ ਹੈ ਪਰ ਫਿਰ ਵੀ ਆਖੀਰਲੀ ਮੋਹਰ ਹਾਈਕਮਾਨ ਨੇ ਲਗਾਉਣੀ ਹੈ। ਇਸ ਲਈ ਹੁਣ ਕਾਂਗਰਸ ਨੂੰ ਇੱਕਠੇ ਹੋ ਕੇ ਪੂਰੇ ਪੰਜਾਬ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ 2022 ਦੀਆਂ ਚੋਣਾ ਵਿਚ ਕਾਂਗਰਸ ਮੁੜ ਸੱਤਾ ਵਿਚ ਆਵੇ ਅਤੇ ਕਾਂਗਰਸ ਹਾਈਕਮਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਸਿਹਰਾ ਜਾਵੇ ਕਿ ਉਸ ਦੇ ਨਕਸ਼ੇ ਕਦਮਾ ’ਤੇ ਚਲ ਕੇ ਹੀ ਮੁੜ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਹੈ।