ਨਵੀਂ ਦਿੱਲੀ – ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈੱਸਟ ਸੀਰੀਜ਼ ਦੇ ਚਾਰ ਮੈਚ ਹੋ ਚੁੱਕੇ ਹਨ। ਭਾਰਤੀ ਟੀਮ ਨੇ ਇਨ੍ਹਾਂ ਚਾਰ ਮੈਚਾਂ ਵਿੱਚੋਂ ਤਿੰਨਾਂ ‘ਚ ਦਬਦਬਾ ਬਣਾਇਆ। ਟੀਮ ਇੰਡੀਆ ਨੇ ਸੋਮਵਾਰ ਨੂੰ ਓਵਲ ਟੈੱਸਟ ਦੇ ਆਖ਼ਰੀ ਦਿਨ 157 ਦੌੜਾਂ ਦੀ ਜਿੱਤ ਨਾਲ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ। ਇੰਗਲੈਂਡ ‘ਤੇ ਇਸ ਜਿੱਤ ਨਾਲ ਭਾਰਤ ਨੇ ICC (ਕੌਮਾਂਤਰੀ ਕ੍ਰਿਕਟ ਕੌਂਸਲ) ਟੈੱਸਟ ਚੈਂਪੀਅਨਸ਼ਿਪ ਟੇਬਲ ‘ਚ ਵੀ ਪਹਿਲਾ ਸਥਾਨ ਪ੍ਰਾਪਤ ਕਰ ਲਿਆ ਹੈ।
ਓਵਲ ਟੈੱਸਟ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ICC ਟੈੱਸਟ ਚੈਂਪੀਅਨਸ਼ਿਪ ਟੇਬਲ ‘ਚ ਬਦਲਾਅ ਆਇਆ ਹੈ। ਭਾਰਤ ਨੇ ਪਾਕਿਸਤਾਨ ਦੀ ਟੀਮ ਨੂੰ ਹਟਾ ਕੇ ਪਹਿਲੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ। ਮੌਜੂਦਾ ਸਮੇਂ, ਜੇਕਰ ਅਸੀਂ ਅੰਕ ਸਾਰਣੀ ‘ਤੇ ਨਜ਼ਰ ਮਾਰੀਏ ਤਾਂ ਭਾਰਤੀ ਟੀਮ 26 ਅੰਕਾਂ ਨਾਲ ਸਿਖਰ ‘ਤੇ ਹੈ। ਉਸ ਤੋਂ ਬਾਅਦ 12 ਅੰਕਾਂ ਨਾਲ ਪਾਕਿਸਤਾਨ ਦੀ ਟੀਮ ਹੈ। ਤੀਜਾ ਨੰਬਰ ਵੈੱਸਟ ਇੰਡੀਜ਼ ਟੀਮ ਦਾ ਹੈ ਜਿਸ ਦੇ ਵੀ 12 ਅੰਕ ਹਨ। ਉਸ ਤੋਂ ਬਾਅਦ ਇੰਗਲੈਂਡ ਦੀ ਟੀਮ ਦਾ ਨੰਬਰ ਹੈ ਹਾਲਾਂਕਿ ਉਸ ਦੇ ਖਾਤੇ ਵਿੱਚ 14 ਅੰਕ ਹਨ, ਪਰ ਫਿਰ ਵੀ ਜਿੱਤ ਦੀ ਪ੍ਰਤੀਸ਼ਤਤਾ ਦੇ ਅਧਾਰ ‘ਤੇ ਉਹ ਸਭ ਤੋਂ ਹੇਠਾਂ ਹੈ।
ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਫ਼ੈਲਣ ਤੋਂ ਬਾਅਦ ICC ਨੇ ਫੈਸਲਾ ਲਿਆ ਸੀ ਕਿ ਟੀਮਾਂ ਨੂੰ ਅੰਕ ਦੇ ਆਧਾਰ ‘ਤੇ ਨਹੀਂ ਸਗੋਂ ਜਿੱਤ ਦੀ ਫ਼ੀਸਦ ਦੇ ਅਧਾਰ ‘ਤੇ ਦਰਜਾ ਦਿੱਤਾ ਜਾਵੇਗਾ। ਫ਼ਾਈਨਲ ‘ਚ ਪਹੁੰਚਣ ਵਾਲੀਆਂ ਟੀਮਾਂ ਦਾ ਫੈਸਲਾ ਵੀ ਇਸੇ ਆਧਾਰ ‘ਤੇ ਕੀਤਾ ਗਿਆ ਸੀ। ਭਾਰਤ ਨੇ ਹੁਣ ਤਕ ਚਾਰ ਟੈੱਸਟ ਮੈਚ ਖੇਡੇ ਹਨ ਜਿਨ੍ਹਾਂ ‘ਚ 2 ਜਿੱਤਾਂ, 1 ਹਾਰ ਅਤੇ 1 ਡਰਾਅ ਰਿਹਾ, ਅਤੇ ਇਸ ਤਰ੍ਹਾਂ ਟੀਮ ਇੰਡੀਆ ਦੇ 54.14 ਫ਼ੀਸਦੀ ਜਿੱਤ ਪ੍ਰਤੀਸ਼ਤ ਅੰਕ ਹਨ।
ਪਾਕਿਸਤਾਨ ਨੇ ਦੋ ਮੈਚਾਂ ਵਿੱਚ 1 ਜਿੱਤ ਅਤੇ 1 ਹਾਰ ਨਾਲ 50 ਫੀਸਦੀ ਅੰਕ ਹਾਸਿਲ ਕੀਤੇ ਹਨ। ਵੈੱਸਟ ਇੰਡੀਜ਼ ਵੀ ਬਰਾਬਰੀ ਦੇ ਮੈਚ ਖੇਡ ਕੇ ਪਾਕਿਸਤਾਨ ਦੇ ਨਾਲ ਹੈ। ਇੰਗਲੈਂਡ ਨੇ 4 ਟੈੱਸਟਾਂ ‘ਚ 2 ਹਾਰਾਂ, 1 ਜਿੱਤ ਅਤੇ 1 ਡਰਾਅ ਦੇ ਨਾਲ 29.17 ਫੀਸਦੀ ਅੰਕ ਹਾਸਿਲ ਕੀਤੇ ਹਨ।