ਭਾਜਪਾ ਦੇ ਪ੍ਰਮੁੱਖ ਆਗੂ ਚਾਹੁੰਦੇ ਹਨ ਕਿਸਾਨਾਂ ਨਾਲ ਗੱਲ ਕਰੇ ਸਰਕਾਰ

ਨਵੀਂ ਦਿੱਲੀ— ਭਾਜਪਾ ’ਚ ਇਸ ਵੇਲੇ ਸ਼ਾਂਤੀ ਹੈ ਪਰ ਅਸਹਿਜਤਾ ਭਰੀ ਸਥਿਤੀ ਹੈ ਕਿਉਂਕਿ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਪੰਜਾਬ ਤੇ ਹੋਰ ਥਾਵਾਂ ’ਤੇ ਕਈ ਪ੍ਰਮੁੱਖ ਨੇਤਾ ਗੱਲਬਾਤ ਰਾਹੀਂ ਵਿਖਾਵਾਕਾਰੀ ਕਿਸਾਨਾਂ ਦੀਆਂ ਮੰਗਾਂ ਦੇ ਸਹੀ ਹੱਲ ’ਤੇ ਜ਼ੋਰ ਦੇ ਰਹੇ ਹਨ। ਪਹਿਲਾਂ ਇਹ ਆਵਾਜ਼ ਪਾਰਟੀ ਦੀ ਚਾਰਦੀਵਾਰੀ ਦੇ ਅੰਦਰ ਹੀ ਉੱਠਦੀ ਸੀ ਪਰ ਹੁਣ ਇਹ ਜਨਤਾ ਵਿਚਕਾਰ ਵੀ ਪਹੁੁੰਚਣ ਲੱਗੀ ਹੈ। ਉੱਤਰ ਪ੍ਰਦੇਸ਼ ਦੇ 2 ਪ੍ਰਮੁੱਖ ਨੇਤਾਵਾਂ, ਜਿਨ੍ਹਾਂ ਵਿਚ ਕੇਂਦਰੀ ਮੰਤਰੀ ਅਤੇ ਲੋਕ ਸਭਾ ਐੱਮ. ਪੀ. ਵੀ ਸ਼ਾਮਲ ਹਨ, ਕਿਸਾਨਾਂ ਨਾਲ ਗੱਲਬਾਤ ਦੇ ਮਸਲੇ ’ਤੇ ਆਪਣੀ ਰਾਏ ਰੱਖ ਚੁੱਕੇ ਹਨ।
4 ਵਾਰ ਐੱਮ. ਪੀ. (ਲੋਕ ਸਭਾ ਮੈਂਬਰ) ਚੁਣੇ ਗਏ ਵਰੁਣ ਗਾਂਧੀ ਨੇ ਇਸ ਮੁੱਦੇ ’ਤੇ ਕਿਹਾ ਕਿ ਮੁਜ਼ੱਫਰਨਗਰ ਵਿਚ ਇਕੱਠੇ ਹੋਏ ਲੱਖਾਂ ਵਿਖਾਵਾਕਾਰੀ ਕਿਸਾਨ ਆਪਣਾ ਹੀ ਖੂਨ ਹਨ। ਹਾਲਾਂਕਿ ਸੰਜੀਵ ਬਲਿਆਨ ਇਸ ਮਸਲੇ ’ਤੇ ਆਪਣੇ ਵਿਚਾਰ ਰੱਖਦੇ ਹੋਏ ਥੋੜ੍ਹਾ ਸੁਚੇਤ ਰਹੇ। ਪੱਛਮੀ ਉੱਤਰ ਪ੍ਰਦੇਸ਼ ਵਿਚ ਕਈ ਭਾਜਪਾ ਨੇਤਾ ਪਾਰਟੀ ਹਾਈਕਮਾਨ ਨੂੰ ਸੁਚੇਤ ਕਰ ਚੁੱਕੇ ਹਨ ਕਿ 70 ਦੇ ਦਹਾਕੇ ਵਿਚ ਸਵਰਗੀ ਚੌਧਰੀ ਚਰਨ ਸਿੰਘ ਵਾਲਾ ਮੁਸਲਿਮ, ਅਹੀਰ, ਜਾਟ ਤੇ ਗੁੱਜਰ ਦਾ ਖਤਰਨਾਕ ਗਠਜੋੜ ਮੁੜ ਜ਼ਿੰਦਾ ਹੋ ਸਕਦਾ ਹੈ। ਇਹ ਅਗਲੇ ਸਾਲ ਫਰਵਰੀ-ਮਾਰਚ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਸਰਵਨਾਸ਼ ਦਾ ਕਾਰਨ ਬਣ ਸਕਦਾ ਹੈ। ਭਾਜਪਾ ਵਲੋਂ ਕਰਵਾਇਆ ਗਿਆ ਇਕ ਅੰਦਰੂਨੀ ਚੋਣ ਸਰਵੇ ਕੋਈ ਧੁੰਦਲੀ ਤਸਵੀਰ ਪੇਸ਼ ਨਹੀਂ ਕਰਦਾ ਅਤੇ ਮੋਦੀ-ਯੋਗੀ ਦੀ ਲੀਡਰਸ਼ਿਪ ਵੀ ਅਜੇਤੂ ਬਣੀ ਹੋਈ ਹੈ।
ਹਰਿਆਣਾ ਵਿਚ ਭਾਜਪਾ ਸਰਕਾਰ ’ਚ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਜਨਤਕ ਤੌਰ ’ਤੇ ਕਿਸਾਨਾਂ ਦਾ ਪੱਖ ਲੈ ਚੁੱਕੇ ਹਨ। ਅਜਿਹੀਆਂ ਹੀ ਭਾਵਨਾਵਾਂ ਪੰਜਾਬ ਵਿਚ ਭਾਜਪਾ ਦੇ ਨੇਤਾ ਵੀ ਜ਼ਾਹਿਰ ਕਰ ਚੁੱਕੇ ਹਨ ਜਿੱਥੇ ਪਾਰਟੀ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਰੂਪ ’ਚ ਅਹਿਮ ਸਹਿਯੋਗੀ ਗੁਆ ਚੁੱਕੀ ਹੈ। ਹਾਲਾਂਕਿ ਪੀ. ਐੱਮ. ਓ. ਦੇ ਸੂਤਰਾਂ ਨੇ ਕਿਹਾ ਕਿ ਸਰਕਾਰ ਛੋਟੇ ਤੇ ਸੀਮਾਂਤ ਕਿਸਾਨਾਂ ਨਾਲ ਸਿੱਧੇ ਤੌਰ ’ਤੇ ਸੰਪਰਕ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਰਾਹੀਂ ਨਕਦੀ ਦੇ ਰਹੀ ਹੈ। ਇਕ ਪ੍ਰਸਿੱਧ ਅਮਰੀਕੀ ਕੰਪਨੀ ‘ਮਾਰਨਿੰਗ ਕੰਸਲਟ’ ਮੁਤਾਬਕ ਵਿਸ਼ਵ ਨੇਤਾਵਾਂ ਵਿਚ ਮੋਦੀ ਸਭ ਤੋਂ ਅੱਗੇ ਹਨ। ਆਮ ਕਿਸਾਨ ਸਰਕਾਰ ਤੋਂ ਖੁਸ਼ ਹੈ।