ਲੰਡਨ – ਭਾਰਤ ਤੇ ਇੰਗਲੈਂਡ ਦੇ ਵਿਚਾਲੇ ਟੈੱਸਟ ਸੀਰੀਜ਼ ਦਾ ਚੌਥਾ ਮੈਚ ਖੇਡਿਆ ਗਿਆ ਜੋ ਭਾਰਤ ਨੇ 157 ਦੌੜਾਂ ਨਾਲ ਜਿੱਤ ਲਿਆ। ਭਾਰਤ ਨੇ ਇੰਗਲੈਂਡ ਦੇ ਸਾਹਮਣੇ 368 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ ਸੀ, ਪਰ ਇੰਗਲੈਂਡ ਦੀ ਸਾਰੀ ਟੀਮ ਆਪਣੀ ਦੂਸਰੀ ਇਨਿੰਗਜ਼ ‘ਚ 210 ਦੌੜਾਂ ਬਣਾ ਕੇ ਆਊਟ ਹੋ ਗਈ। ਪੰਜਵੇਂ ਦਿਨ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੀ ਧਮਾਕੇਦਾਰ ਗੇਂਦਬਾਜ਼ੀ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਆਊਟ ਕਰਨ ‘ਚ ਅਹਿਮ ਭੂਮਿਕਾ ਨਿਭਾਈ। ਬੁਮਰਾਹ ਨੇ ਜਿਵੇਂ ਹੀ ਓਲੀ ਪੋਪ ਨੂੰ ਬੋਲਡ ਕੀਤਾ, ਉਸ ਨੇ ਆਪਣੇ ਨਾਂ ਇੱਕ ਵੱਡਾ ਰਿਕਾਰਡ ਦਰਜ ਕਰ ਲਿਆ। ਬੁਮਰਾਹ ਭਾਰਤ ਲਈ ਸਭ ਤੋਂ ਘੱਟ ਮੈਚਾਂ ‘ਚ 100 ਟੈੱਸਟ ਵਿਕਟਾਂ ਹਾਸਿਲ ਕਰਨ ਵਾਲਾ ਤੇਜ਼ ਗੇਂਦਬਾਜ਼ ਬਣ ਗਿਆ।
ਬੁਮਰਾਹ ਨੇ ਆਪਣੇ ਟੈੱਸਟ ਕਰੀਅਰ ਦੇ 24ਵੇਂ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ ਜਦਕਿ ਭਾਰਤ ਦੇ ਮਹਾਨ ਔਲਰਾਊਂਡਰ ਕਪਿਲ ਦੇਵ ਨੇ ਆਪਣੇ 25ਵੇਂ ਮੈਚ ਵਿੱਚ 100 ਵਿਕਟਾਂ ਪੂਰੀਆਂ ਕੀਤੀਆਂ ਸਨ। ਇਸ ਦੇ ਨਾਲ ਹੀ ਬੁਮਰਾਹ ਸਭ ਤੋਂ ਘੱਟ ਓਵਰਾਂ ‘ਚ 100 ਵਿਕਟਾਂ ਹਾਸਿਲ ਕਰਨ ਵਾਲਾ ਭਾਰਤੀ ਤੇਜ਼ ਗੇਂਦਬਾਜ਼ ਵੀ ਬਣ ਗਿਆ। ਬੁਮਰਾਹ ਨੇ ਟੈੱਸਟ ਕ੍ਰਿਕਟ ‘ਚ 100 ਵਿਕਟਾਂ ਲੈਣ ਦੇ ਲਈ 858.4 ਓਵਰ ਸੁੱਟੇ ਜਦਕਿ ਕਪਿਲ ਨੇ ਇਸ ਲਈ 861.3 ਓਵਰ ਸੁੱਟੇ ਸਨ।
ਟੈੱਸਟ ‘ਚ ਸਭ ਤੋਂ ਤੇਜ਼ 100 ਵਿਕਟਾਂ ਹਾਸਿਲ ਕਰਨ ਵਾਲੇ ਭਾਰਤੀ ਗੇਂਦਬਾਜ਼
ਜਸਪ੍ਰੀਤ ਬੁਮਰਾਹ 24 ਮੈਚ, ਕਪਿਲ ਦੇਵ 25 ਮੈਚ ਅਤੇ ਇਰਫਾਨ ਪਠਾਨ 28 ਮੈਚ।