ਮੁੰਬਈ – ਓਮਾਨ ਕ੍ਰਿਕਟ ਸੰਘ ਦੇ ਪ੍ਰਧਾਨ ਪੰਕਜ ਖ਼ਿਮਜੀ ਨੇ ਕਿਹਾ ਹੈ ਕਿ ਅਕਤੂਬਰ ਵਿੱਚ T-20 ਵਿਸ਼ਵ ਕੱਪ ਦੀ ਸਹਿ ਮੇਜ਼ਬਾਨੀ ਕਰਨਾ ਓਮਾਨ ਕ੍ਰਿਕਟ ਲਈ ਹੀ ਨਹੀਂ ਸਗੋਂ ਦੇਸ਼ ਲਈ ਵੀ ਇਤਿਹਾਸਕ ਪਲ ਹੋਵੇਗਾ। T-20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤਕ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ‘ਚ ਖੇਡਿਆ ਜਾਏਗਾ। ਖ਼ਿਮਜੀ ਨੇ ਕਿਹਾ, ”ਓਮਾਨ ਦੇ ਸਾਹਮਣੇ ਦੁਨੀਆਂ ਨੂੰ ਦਿਖਾਉਣ ਦਾ ਇਹ ਸੁਨਹਿਰੀ ਮੌਕਾ ਹੈ ਕਿ ਸੈਰ-ਸਪਾਟੇ ਦੀ ਦ੍ਰਿਸ਼ਟੀ ਤੋਂ ਇਹ ਕਿੰਨਾ ਖ਼ੁਸ਼ਹਾਲ ਹੈ। ਲੋਕਾਂ ਨੂੰ ਓਮਾਨ ਦੇ ਬਾਰੇ ਵਿੱਚ ਜ਼ਿਆਦਾ ਪਤਾ ਨਹੀਂ ਅਤੇ ਅਸੀਂ ਇਸ ਟੂਰਨਾਮੈਂਟ ਜ਼ਰੀਏ ਦੁਨੀਆਂ ਸਾਹਮਣੇ ਓਮਾਨ ਨੂੰ ਪੇਸ਼ ਕਰਾਂਗੇ।”ਉਨ੍ਹਾਂ ਕਿਹਾ ਕਿ ਤਿੰਨ ਹਜ਼ਾਂਰ ਦਰਸ਼ਕਾਂ ਦੀ ਮੌਜੂਦਗੀ ਲਈ ਬੰਦੋਬਸਤ ਕੀਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ, ”ਓਮਾਨ ਕੋਲ ਸੁੰਦਰ ਹਰਾ ਭਰਿਆ ਮੈਦਾਨ ਹੈ। ਅਸੀਂ 3,000 ਦਰਸ਼ਕਾਂ ਲਈ ਇੰਤਜ਼ਾਮ ਕਰ ਰਹੇ ਹਾਂ ਜਿਨ੍ਹਾਂ ‘ਚੋਂ 500 ਕੌਰਪੋਰੇਟ ਬੌਕਸ ‘ਚ ਹੋਣਗੇ। ਅਸੀਂ ਇੱਕ ਖ਼ੂਬਸੂਰਤ ਪ੍ਰੈੱਸ ਬੌਕਸ ਅਤੇ ਮੀਡੀਆ ਸੈਂਟਰ ਵੀ ਬਣਾ ਰਹੇ ਹਾਂ। ਸਾਡੇ ਲਈ ਵੀ ਇਹ ਸਿੱਖਣ ਦਾ ਮੌਕਾ ਹੈ।”ਖ਼ਿਮਜੀ ਨੇ ਕਿਹਾ ਕਿ ਇਹ ਸਧਾਰਨ ਵਿਸ਼ਵ ਕੱਪ ਨਹੀਂ ਹੋਵੇਗਾ ਕਿਉਂਕਿ ਇਹ ਕੋਰੋਨਾਕਾਲ ‘ਚ ਹੋ ਰਿਹਾ ਹੈ। ਉਨ੍ਹਾਂ ਕਿਹਾ, ”ਸਾਨੂੰ ਜੈਵ ਸੁਰੱਖਿਅਤ ਪ੍ਰੋਟੋਕੌਲ ਬਣਾਉਣੇ ਹੋਣਗੇ। ਇਹ ਸਧਾਰਨ ਵਿਸ਼ਵ ਕੱਪ ਨਹੀਂ। ਇਹ ਕੋਰੋਨਾਕਾਲ ਵਿੱਚ ਹੋ ਰਿਹਾ ਹੈ ਅਤੇ ਵੱਖ ਤਰ੍ਹਾਂ ਦਾ ਹੈ। ਇਹ ਵੱਡੀ ਚੁਣੌਤੀ ਹੈ, ਪਰ ਇਸ ਵਿੱਚ ਮਜ਼ਾ ਆ ਰਿਹਾ ਹੈ।”
ਉਨ੍ਹਾਂ ਕਿਹਾ, ”BCCI ਮੇਜ਼ਬਾਨ ਹੈ। ਅਸੀਂ ਤਿੰਨ-ਪੱਖੀ ਸਮਝੌਤਾ ਕੀਤਾ ਹੈ ਅਤੇ ਓਮਾਨ ਸਰਕਾਰ ਸਾਡੀ ਰੱਖਿਅਕ ਹੈ। ਓਮਾਨ ਸਰਕਾਰ ਇਸ ਦੇ ਆਯੋਜਨ ‘ਚ ਪੂਰੀ ਮਦਦ ਕਰ ਰਹੀ ਹੈ, ਅਤੇ ਅਸੀਂ ਮਿੰਟਾਂ ‘ਚ 30 ਤੋਂ 40 ਵੀਜ਼ੇ ਜਾਰੀ ਕਰ ਰਹੇ ਹਾਂ। ICC ਕਾਫ਼ੀ ਮਦਦ ਕਰ ਰਹੀ ਹੈ।”