ਸਾਡੇ ਅੰਦਰੂਨੀ ਭੈਅ ਸਾਡੇ ਦੋਸਤ ਨਹੀਂ, ਪਰ ਫ਼ਿਰ ਵੀ ਕਈ ਵਾਰ ਅਸੀਂ ਉਨ੍ਹਾਂ ਦਾ ਸਵਾਗਤ ਇੰਝ ਕਰਦੇ ਹਾਂ ਜਿਵੇਂ ਉਹ ਸਾਡੀ ਜਾਣ-ਪਹਿਚਾਣ ਵਾਲੇ ਹੋਣ ਅਤੇ ਬਹੁਤ ਹੀ ਮੁਹੱਬਤੀ ਆਦਰ ਨਾਲ ਅਸੀਂ ਉਨ੍ਹਾਂ ਨਾਲ ਪੇਸ਼ ਆਉਂਦੇ ਹਾਂ। ਅਸੀਂ ਉਨ੍ਹਾਂ ਲਈ ਆਪਣੀਆਂ ਜ਼ਿੰਦਗੀਆਂ ‘ਚ ਗੁੰਜਾਇਸ਼ਾਂ ਬਣਾਉਂਦੇ ਹਾਂ। ਅਸੀਂ ਆਪਣੇ ਜੀਵਨ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਢਾਲਦੇ ਹਾਂ। ਅਸੀਂ ਉਨ੍ਹਾਂ ਨੂੰ ਇਹ ਹੱਕ ਦਿੰਦੇ ਹਾਂ ਕਿ ਉਹ ਸਾਨੂੰ ਸਲਾਹਾਂ ਦੇਣ ਅਤੇ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ। ਅਸੀਂ ਦੂਸਰਿਆਂ ਨਾਲ ਆਪਣੀ ਅਨੁਕੂਲਤਾ ਦਾ ਮੁਲਾਂਕਣ ਉਨ੍ਹਾਂ ਚਿੰਤਾਵਾਂ ਅਤੇ ਝਿਝਕਾਂ ਦੇ ਆਧਾਰ ‘ਤੇ ਕਰਦੇ ਹਾਂ ਜਿਹੜੀਆਂ ਸਾਡੀਆਂ ਬੇਤਾਬੀਆਂ ਅਤੇ ਬੇਚੈਨੀਆਂ ਨਾਲ ਮੇਲ ਖਾਂਦੀਆਂ ਹੋਣ! ਕੀ ਤੁਸੀਂ ਇਸ ਵਕਤ ਕਿਸੇ ਗ਼ਲਤ ਸ਼ਕਤੀ ਨੂੰ ਆਪਣੀ ਜ਼ਿੰਦਗੀ ‘ਤੇ ਅਸਰ ਪਾਉਣ ਦਾ ਮੌਕਾ ਤਾਂ ਨਹੀਂ ਦੇ ਰਹੇ? ਆਪਣੀਆਂ ਕੁਝ ਮਹੱਤਵਪੂਰਨ ਪ੍ਰਾਥਮਿਕਤਾਵਾਂ ‘ਚ ਥੋੜ੍ਹਾ ਰੱਦੋਬਦਲ ਕਰਨ ਦਾ ਇਹ ਤੁਹਾਡੇ ਲਈ ਇੱਕ ਅਸਾਧਾਰਣ ਅਤੇ ਸਾਕਾਰਾਤਮਕ ਮੌਕਾ ਹੈ।

ਕੀ ਪਿਆਰ ਦੀਆਂ ਸੱਚਮੁੱਚ ਇੱਕ ਤੋਂ ਵੱਧ ਕਿਸਮਾਂ ਹੁੰਦੀਆਂ ਹਨ? ਜਾਂ ਕੀ ਦੋ ਵਿਅਕਤੀਆਂ ਦਰਮਿਆਨ ਕਿਸੇ ਕਿਸਮ ਦੇ ਵੀ ਡੂੰਘੇ ਭਾਵਨਾਤਮਕ ਸਬੰਧ ਦਾ ਅਰਥ ਇੱਕੋ-ਜਿੱਕਾ ਹੀ ਹੁੰਦਾ ਹੈ, ਫ਼ਿਰ ਬੇਸ਼ੱਕ ਉਹ ਕਿਸੇ ਰੋਮੈਂਟਿਕ ਰਿਸ਼ਤੇ, ਪਰਿਵਾਰਿਕ ਨੇੜਤਾ, ਜਾਂ ਸਮਾਜਕ ਸ਼ਮੂਲੀਅਤ ‘ਤੇ ਆਧਾਰਿਤ ਕਿਉਂ ਨਾ ਹੋਵੇ? ਰਿਸ਼ਤਿਆਂ ਦੇ ਵੱਖੋ ਵੱਖਰੇ ਸੰਦਰਭਾਂ ‘ਚ ਅਸੀਂ ਇੱਕ-ਦੂਜੇ ਤੋਂ ਵੱਖੋ ਵੱਖਰੀਆਂ ਚੀਜ਼ਾਂ ਦੀ ਤਵੱਕੋ ਕਰ ਸਕਦੇ ਹਾਂ, ਪਰ ਜਦੋਂ ਦੂਸਰੇ ਸਾਡੇ ਦਿਲਾਂ ਨੂੰ ਛੂੰਹਦੇ ਹਨ, ਕਾਰਨ ਕੋਈ ਵੀ ਹੋਵੇ, ਉਸ ਵਿੱਚ ਜਾਦੂ ਦਾ ਇੱਕ ਅਜੀਬ ਕਿਸਮ ਦਾ ਸ਼ਾਨਦਾਰ ਅਹਿਸਾਸ ਹੁੰਦਾ ਹੈ। ਜੇਕਰ ਤੁਹਾਡੇ ਜੀਵਨ ‘ਚ ਇਸ ਵਕਤ ਕੋਈ ਆਨੰਦਮਈ ਬੰਧਨ ਮਜ਼ਬੂਤ ਹੋ ਰਿਹਾ ਹੈ ਤਾਂ ਇਸ ਗੱਲ ਦੀ ਚਿੰਤਾ ਛੱਡੋ ਕਿ ਕੀ ਹੋ ਰਿਹੈ, ਕੇਵਲ ਪ੍ਰਸੰਨ ਹੋਵੋ ਕਿ ਉਹ ਹੋ ਰਿਹੈ।

ਜੇਕਰ ਅਸੀਂ ਪੈਸਾ ਕਮਾਉਣਾ ਹੋਵੇ, ਅਸੀਂ ਕੰਮ ਲੱਭਦੇ ਹਾਂ, ਅਸੀਂ ਉਸ ਕੰਮ ‘ਚ ਆਪਣੀ ਮਿਹਨਤ ਦੇ ਬਹੁਤ ਸਾਰੇ ਘੰਟੇ ਲਗਾਉਂਦੇ ਹਾਂ, ਅਤੇ ਅਸੀਂ ਆਪਣੀ ਤਨਖ਼ਾਹ ਦਾ ਚੈੱਕ ਲੈ ਕੇ ਆਉਂਦੇ ਹਾਂ। ਕੀ ਅਸੀਂ ਇੰਝ ਹੀ ਪਿਆਰ ਵੀ ਕਮਾ ਸਕਦੇ ਹਾਂ? ਕਈ ਵਾਰ ਇੰਝ ਜਾਪਦੈ ਜਿਵੇਂ ਇਸ ਸਵਾਲ ਦਾ ਜਵਾਬ ਹਾਂ ਹੈ। ਅਰੇਂਜਡ ਮੈਰਿਜ (ਕਿਸੇ ਵਿਚੋਲੇ ਰਾਹੀਂ ਜਾਂ ਪਰਿਵਾਰਿਕ ਜਾਣ-ਪਹਿਚਾਣ ਰਾਹੀਂ ਰਿਸ਼ਤਾ) ਕਰਾਉਣ ਵਾਲੇ ਪ੍ਰਤੀਯੋਗੀ ਕਹਿਣਗੇ ਕਿ ਆਹਿਸਤਾ-ਆਹਿਸਤਾ, ਸਮੇਂ ਦੇ ਨਾਲ-ਨਾਲ, ਕੇਵਲ ਇੱਕ ਦੂਸਰੇ ਨਾਲ ਵਕਤ ਬਿਤਾਉਂਦਿਆਂ ਉਹ ਆਪਸ ‘ਚ ਪਿਆਰ ਕਰਨ ਲੱਗ ਪਏ! ਅਤੇ ਬਹੁਤ ਸਾਰੇ ਅਜਿਹੇ ਵੀ ਹਨ ਜਿਹੜੇ ਉਨ੍ਹਾਂ ਰਿਸ਼ਤਿਆਂ ਦੀ ਨਜ਼ਾਕਤ ਦੀ ਸ਼ਾਹਦੀ ਭਰਨਗੇ ਜਿਹੜੇ, ਸ਼ੁਰਆਤੀ ਦੌਰ ‘ਚ, ਬਿਲਕੁਲ ਉੱਤਮ ਜੋੜ ਲੱਗਦੇ ਸਨ। ਜੇਕਰ ਤੁਸੀਂ ਉਹ ਖ਼ੁਸ਼ੀ ਚਾਹੁੰਦੇ ਹੋ ਜਿਸ ਦੇ ਤੁਸੀਂ ਹੱਕਦਾਰ ਹੋ, ਤੁਹਾਨੂੰ ਇੱਕ ਦੀਰਘਕਾਲੀ ਯੋਜਨਾ ਘੜਨ ਦੀ ਲੋੜ ਹੈ।

ਤੁਹਾਨੂੰ ਉਨ੍ਹਾਂ ‘ਚੋਂ ਕੋਈ ਸ਼ੈਅ ਹੇਠਾਂ ਰੱਖਣੀ ਪੈਣੀ ਹੈ। ਤੁਹਾਨੂੰ ਕਿਸੇ ਚੀਜ਼ ਨੂੰ ਇੱਥੇ ਹੀ ਛੱਡਣਾ ਪੈਣੈ। ਇਹ ਤਾਂ ਇੰਝ ਜਾਪਦੈ ਜਿਵੇਂ ਤੁਸੀਂ ਬਹੁਤ ਸਾਰੇ ਬੈਗਾਂ ਅਤੇ ਸੂਟਕੇਸਾਂ ਸਮੇਤ ਕਿਸੇ ਭੀੜੇ ਬੂਹੇ ਥਾਣੀਂ ਲੰਘਣ ਦੀ ਕੋਸ਼ਿਸ਼ ਕਰ ਰਹੇ ਹੋਵੋ। ਤੁਹਾਡੇ ਲਈ ਅੱਗੇ ਜਾਣ ਦਾ ਰਾਹ ਤਾਂ ਹੈ, ਪਰ ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਨਹੀਂ ਜਿਹੜੀਆਂ ਤੁਸੀਂ ਆਪਣੇ ਹੱਥਾਂ ‘ਚ ਜਾਂ ਪਿੱਠ ‘ਤੇ ਚੁੱਕੀ ਫ਼ਿਰਦੇ ਹੋ – ਜਾਂ ਸ਼ਾਇਦ ਇਹ ਕਹਿਣਾ ਵਧੇਰੇ ਢੁਕਵਾਂ ਹੋਵੇਗਾ, ਆਪਣੇ ਦਿਮਾਗ਼ ਅੰਦਰ ਚੁੱਕੀ ਫ਼ਿਰਦੇ ਹੋ। ਤੁਸੀਂ ਕਿਸੇ ਉਮੀਦ ਜਾਂ ਯਾਦ ਦੇ ਭਾਰ ਹੇਠ ਦੱਬੇ ਜਾ ਰਹੇ ਹੋ। ਤੁਹਾਨੂੰ ਡਰ ਹੈ ਕਿ ਉਸ ਦੇ ਬਿਨਾਂ ਤੁਸੀਂ ਗੁਆਚ ਜਾਓਗੇ। ਪਰ ਅਸਲ ‘ਚ, ਜਿਸ ਪਲ ਤੁਸੀਂ ਅਟੱਲ ਨੂੰ ਸਵੀਕਾਰ ਕਰ ਲਿਆ, ਤੁਸੀਂ ਗੁੰਮੋਗੇ ਨਹੀਂ, ਤੁਹਾਨੂੰ ਲੱਭ ਲਿਆ ਜਾਵੇਗਾ!

ਸਾਡੇ ਜੀਵਨ ਪੇਚੀਦਗੀਆਂ ਨਾਲ ਭਰੇ ਪਏ ਹਨ। ਇਹ ਬਿਲਕੁਲ ਧੂੜ ਵਰਗੇ ਹਨ। ਅਸੀਂ ਕਿਸੇ ਸਤਹ ਨੂੰ ਸਾਫ਼ ਕਰਦੇ ਹਾਂ, ਜ਼ਮੀਨ ‘ਤੇ ਪੋਚਾ ਫ਼ੇਰਦੇ ਹਾਂ ਅਤੇ ਬੜੀ ਮਿਹਨਤ ਨਾਲ ਆਪਣੇ ਜੀਵਨ ਨੂੰ ਬੇਦਾਗ਼ ਬਣਾਉਂਦੇ ਹਾਂ। ਫ਼ਿਰ, ਕੁੱਝ ਪਲਾਂ ਬਾਅਦ ਹੀ, ਸਾਨੂੰ ਅਹਿਸਾਸ ਹੁੰਦੈ ਕਿ ਸਾਨੂੰ ਉਹ ਸਭ ਕੁੱਝ ਦੋਬਾਰਾ ਤੋਂ ਸ਼ੁਰੂ ਕਰਨਾ ਪੈਣੈ! ਜਿਵੇਂ ਸਾਨੂੰ ਆਪਣੇ ਘਰਾਂ ਨੂੰ ਬਿਲਾਨਾਗ਼ਾ ਸਾਫ਼ ਕਰਨਾ ਪੈਂਦੈ, ਸਾਡੀਆਂ ਜ਼ਿੰਦਗੀਆਂ ਨੂੰ ਵੀ ਅਕਸਰ ਭੰਬਲਭੂਸੇ ਅਤੇ ਵਿਵਾਦ ਦੇ ਨਵੇਂ ਸ੍ਰੋਤਾਂ ਤੋਂ ਮੁਕਤ ਕਰਾਉਣ ਦੀ ਲੋੜ ਹੁੰਦੀ ਹੈ। ਅਸੀਂ ਜਾਣਬੁਝ ਕੇ ਉਨ੍ਹਾਂ ਤਜਰਬਿਆਂ ਨੂੰ ਆਪਣੇ ਸੰਸਾਰ ‘ਚ ਨਹੀਂ ਸੱਦਦੇ। ਉਹ ਤਾਂ ਚੋਰੀ-ਛੁਪੇ ਘੁਸਪੈਠ ਕਰ ਕੇ ਅੰਦਰ ਵੜ ਆਉਂਦੇ ਹਨ ਅਤੇ ਖ਼ੁਦ ਨੂੰ ਓਦੋਂ ਸਥਾਪਿਤ ਕਰ ਲੈਂਦੇ ਨੇ ਜਦੋਂ ਸਾਡੀਆਂ ਪਿੱਠਾਂ ਉਨ੍ਹਾਂ ਵੱਲ ਹੁੰਦੀਆਂ ਹਨ। ਹੁਣ ਤੁਹਾਡੇ ਲਈ ਮੌਕਾ ਹੈ ਉਸ ਖਿਲਾਰੇ ਨੂੰ ਕੁੱਝ ਤਰਤੀਬ ਦੇਣ ਦਾ ਜਿਹੜਾ ਹੌਲੀ ਹੌਲੀ, ਕਾਫ਼ੀ ਅਰਸੇ ਤੋਂ, ਬਦ ਤੋਂ ਬਦਤਰ ਹੁੰਦਾ ਜਾ ਰਿਹੈ।