ਬਟਾਲਾ – ਬਟਾਲਾ ਰਾਜਨੀਤਿਕ ਦ੍ਰਿਸ਼ਟੀ ਅਤੇ ਸਨਅਤੀ ਦ੍ਰਿਸ਼ਟੀ ਤੋਂ ਇਕ ਮਹੱਤਵਪੂਰਨ ਸ਼ਹਿਰ ਹੈ, ਜੋ ਜ਼ਿਲ੍ਹਾ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਇਸਦੇ ਬਾਵਜੂਦ ਕਈ ਛੋਟੇ ਸ਼ਹਿਰਾਂ ਨੂੰ ਪਿਛਲੇ ਕੁਝ ਸਮੇਂ ਦੌਰਾਨ ਸਰਕਾਰਾਂ ਨੇ ਜ਼ਿਲ੍ਹੇ ਤਾਂ ਬਣਾ ਦਿੱਤਾ ਪਰ ਬਟਾਲਾ ਪੂਰੀ ਤਰ੍ਹਾਂ ਨਜ਼ਰਅੰਦਾਜ ਹੁੰਦਾ ਰਿਹਾ ਹੈ। ਅੱਜ ਵੀ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਕਈ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ ਪਰ ਇਸਦੇ ਬਾਵਜੂਦ ਅੱਜ ਵੀ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਸਰਕਾਰ ਵਲੋਂ ਕੋਈ ਪਹਿਲਕਦਮੀ ਨਹੀਂ ਕੀਤੀ ਜਾ ਰਹੀ, ਜਿਸਦੇ ਚਲਦਿਆਂ ਬਟਾਲਾ ਵਾਸੀਆਂ ‘ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੁਲਸ ਜ਼ਿਲ੍ਹਾ ਬਟਾਲਾ ‘ਚ 13 ਪੁਲਸ ਥਾਣੇ, 14 ਪੁਲਸ ਚੌਂਕੀਆਂ, 740 ਪਿੰਡ, 16 ਕਾਨੂੰਨਗੋ ਸਰਕਲ, 160 ਪਟਵਾਰ ਸਰਕਲ ਸ਼ਾਮਲ ਹਨ, ਜਦਕਿ 5 ਬਲਾਕ ਜਿਨ੍ਹਾਂ ਵਿੱਚ ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਫਤਹਿਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਸ਼ਾਮਲ ਹੈ, ਉੱਥੇ ਪੁਲਸ ਜ਼ਿਲ੍ਹਾ ਬਟਾਲਾ ‘ਚ 2 ਸਬ ਡਵੀਜਨ, 4 ਸਬ ਤਹਿਸੀਲਾਂ, 5 ਵਿਧਾਨ ਸਭਾ ਹਲਕੇ ਅਤੇ ਲਗਭਗ 12 ਲੱਖ ਦੇ ਕਰੀਬ ਆਬਾਦੀ ਹੈ। ਪੁਲਸ ਜ਼ਿਲ੍ਹਾ ਬਟਾਲਾ ਪੂਰਨ ਰੈਵੀਨਿਊ ਜ਼ਿਲ੍ਹਾ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਬਟਾਲਾ ਨੂੰ ਪੂਰਨ ਜ਼ਿਲ੍ਹਾ ਐਲਾਨੇ। ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ 13 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰ ਸਕਦੇ ਹਨ।