ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਮੰਦਿਰ ਦੇ ਪੁਜਾਰੀ ਨੂੰ ਮੰਦਿਰ ਦੀ ਜ਼ਮੀਨ ਦਾ ਮਾਲਕ ਨਹੀਂ ਮੰਨਿਆ ਜਾ ਸਕਦਾ। ਦੇਵਤਾ ਹੀ ਮੰਦਿਰ ਨਾਲ ਜੁੜੀ ਜ਼ਮੀਨ ਦੇ ਮਾਲਕ ਹਨ। ਮਾਣਯੋਗ ਜੱਜ ਹੇਮੰਤ ਗੁਪਤਾ ਅਤੇ ਏ. ਐੱਸ. ਬੋਪੰਨਾ ’ਤੇ ਆਧਾਰਿਤ ਇਕ ਬੈਂਚ ਨੇ ਕਿਹਾ ਕਿ ਪੁਜਾਰੀ ਸਿਰਫ ਮੰਦਿਰ ਦੀ ਜਾਇਦਾਦ ਦੇ ਪ੍ਰਬੰਧਕ ਵਜੋਂ ਜ਼ਮੀਨ ਨਾਲ ਜੁੜੇ ਕੰਮ ਕਰ ਸਕਦਾ ਹੈ। ਮਲਕੀਅਤ ਦੇ ਕਾਲਮ ਵਿਚ ਸਿਰਫ ਦੇਵਤਾ ਦਾ ਹੀ ਨਾਂ ਲਿਖਿਆ ਜਾਏ। ਦੇਵਤਾ ਹੀ ਇਕ ਨਿਆਇਕ ਵਿਅਕਤੀ ਹੋਣ ਕਾਰਨ ਜ਼ਮੀਨ ਦਾ ਮਾਲਕ ਹੁੰਦਾ ਹੈ। ਜ਼ਮੀਨ ’ਤੇ ਦੇਵਤਾ ਦਾ ਹੀ ਕਬਜ਼ਾ ਹੁੰਦਾ ਹੈ। ਦੇਵਤਾ ਦੇ ਕੰਮ ਉਸ ਵੱਲੋਂ ਸੇਵਕਾਂ ਜਾਂ ਪ੍ਰਬੰਧਕਾਂ ਵੱਲੋਂ ਕੀਤੇ ਜਾਂਦੇ ਹਨ। ਇਸ ਲਈ ਕਿਸੇ ਪ੍ਰਬੰਧਕ ਜਾਂ ਪੁਜਾਰੀ ਦੇ ਨਾਂ ਦਾ ਜ਼ਿਕਰ ਮਲਕੀਅਤ ਵਾਲੇ ਕਾਲਮ ਵਿਚ ਕਰਨ ਦੀ ਲੋੜ ਨਹੀਂ।
ਕਿਸੇ ਪੁਜਾਰੀ ਨੂੰ ਜ਼ਮੀਨ ਦਾ ਮਾਲਕ ਨਹੀਂ ਮੰਨਿਆ ਜਾ ਸਕਦਾ
ਮਾਣਯੋਗ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨ ਸਪੱਸ਼ਟ ਹੈ ਕਿ ਪੁਜਾਰੀ ਖੇਤੀਬਾੜੀ ਵਿਚ ਕਾਸ਼ਤਕਾਰ ਜਾਂ ਸਰਕਾਰੀ ਪੱਟੇ ਵਾਲੀ ਜ਼ਮੀਨ ਦਾ ਇਕ ਸਾਧਾਰਨ ਕਿਰਾਏਦਾਰ ਵੀ ਨਹੀਂ ਹੈ। ਉਸ ਨੂੰ ਓਕਾਫ ਵਿਭਾਗ ਵੱਲੋਂ ਅਜਿਹੀ ਜ਼ਮੀਨ ਦੇ ਪ੍ਰਬੰਧ ਕਰਨ ਦੇ ਇਰਾਦੇ ਨਾਲ ਹੀ ਰੱਖਿਆ ਜਾਂਦਾ ਹੈ। ਪੁਜਾਰੀ ਸਿਰਫ ਦੇਵਤਾ ਦੀ ਜਾਇਦਾਦ ਦਾ ਪ੍ਰਬੰਧ ਕਰਨ ਦੀ ਇਕ ਗਾਰੰਟੀ ਹੈ। ਸੁਪਰੀਮ ਕੋਰਟ ਮੱਧ ਪ੍ਰਦੇਸ਼ ਹਾਈਕੋਰਟ ਦੇ ਇਕ ਹੁਕਮ ਵਿਰੁੱਧ ਸੂਬਾ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਇਸ ਹੁਕਮ ਵਿਚ ਅਦਾਲਤ ਨੇ ਸੂਬਾ ਸਰਕਾਰ ਵੱਲੋਂ ਜਾਰੀ 2 ਸਰਕੁਲਰਾਂ ਨੂੰ ਰੱਦ ਕਰ ਦਿੱਤਾ ਸੀ। ਇਨ੍ਹਾਂ ਵਿਚ ਪੁਜਾਰੀ ਦਾ ਨਾਂ ਮਾਲੀਆ ਰਿਕਾਰਡ ਵਿਚੋਂ ਹਟਾਉਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਜੋ ਮੰਦਿਰਾਂ ਦੀਆਂ ਜਾਇਦਾਦਾਂ ਨੂੰ ਪੁਜਾਰੀਆਂ ਵੱਲੋਂ ਗੈਰ-ਅਧਿਕਾਰਤ ਢੰਗ ਨਾਲ ਵਿਕਰੀ ਕਰਨ ਤੋਂ ਬਚਾਇਆ ਜਾ ਸਕੇ।